ਵਾਇਨਾਡ ਦੇ ਪੀੜਤਾਂ ਲਈ ਇਕ ਕਰੋੜ ਰੁਪਏ ਦਾਨ ਕਰਨਗੇ ਚਿਰੰਜੀਵੀ
Sunday, Aug 04, 2024 - 10:12 PM (IST)

ਹੈਦਰਾਬਾਦ, (ਭਾਸ਼ਾ)- ਮੈਗਾਸਟਾਰ ਚਿਰੰਜੀਵੀ ਤੇ ਉਨ੍ਹਾਂ ਦੇ ਅਭਿਨੇਤਾ ਪੁੱਤਰ ਰਾਮਚਰਨ ਨੇ ਕੇਰਲ ਦੇ ਵਾਇਨਾਡ ਜ਼ਿਲੇ ’ਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਮਦਦ ਲਈ ਇਕ ਕਰੋੜ ਰੁਪਏ ਦੇ ਯੋਗਦਾਨ ਦਾ ਐਤਵਾਰ ਐਲਾਨ ਕੀਤਾ।
ਚਿਰੰਜੀਵੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਜ਼ਮੀਨ ਖਿਸਕਣ ਕਾਰਨ ਜਾਨ ਤੇ ਮਾਲ ਦੇ ਹੋਏ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਕੇਰਲ ’ਚ ਪਿਛਲੇ ਕੁਝ ਦਿਨਾਂ ’ਚ ਕੁਦਰਤੀ ਤਬਾਹੀ ਤੇ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਵਾਇਨਾਡ ਦੁਖਾਂਤ ਦੇ ਪੀੜਤਾਂ ਪ੍ਰਤੀ ਮੇਰੀ ਹਮਦਰਦੀ। ਚਿਰੰਜੀਵੀ ਨੇ ਕਿਹਾ ਕਿ ਰਾਮਚਰਨ ਤੇ ਮੈਂ ਮਿਲ ਕੇ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਇਕ ਕਰੋੜ ਰੁਪਏ ਦਾ ਯੋਗਦਾਨ ਪਾ ਰਹੇ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜੋ ਲੋਕ ਦੁਖੀ ਹਨ, ਉਹ ਜਲਦੀ ਇਸ ਤੋਂ ਉੱਭਰਨ!
ਹਾਲ ਹੀ 'ਚ ਸਾਊਥ ਦੇ ਸੁਪਰਸਟਾਰ ਮੋਹਨਲਾਲ ਨੇ ਵਾਇਨਾਡ ਦੇ ਪੀੜਤਾਂ ਦੀ ਮਦਦ ਕਰਨ ਲਈ 3 ਕਰੋੜ ਰੁਪਏ ਦਾ ਦਾਨ ਕੀਤਾ ਸੀ। ਇਸ ਤੋਂ ਬਾਅਦ ਪੁਸ਼ਪਾ ਸਟਾਰ ਅੱਲੂ ਅਰਜੁਨ ਨੇ ਵੀ ਮਦਦ ਦਾ ਹੱਥ ਅੱਗੇ ਵਧਾ ਕੇ 25 ਲੱਖ ਰੁਪਏ ਦਾ ਦਾਨ ਕੀਤਾ। ਹੁਣ ਇਸ ਲਿਸਟ 'ਚ ਚਿੰਰਜੀਵੀ ਅਤੇ ਉਨ੍ਹਾਂ ਦੇ ਪੁੱਤਰ ਰਾਮ ਚਰਨ ਵੀ ਸ਼ਾਮਲ ਹੋ ਗਏ ਹਨ।