ਵਿਵਾਦ ਦੇ ਬਾਵਜੂਦ ਚੀਨੀ ਸੈਲਾਨੀਆਂ 'ਚ ਉਮੜ ਰਿਹਾ ਭਾਰਤ ਪ੍ਰੇਮ

Wednesday, Jul 12, 2017 - 10:11 AM (IST)

ਵਿਵਾਦ ਦੇ ਬਾਵਜੂਦ ਚੀਨੀ ਸੈਲਾਨੀਆਂ 'ਚ ਉਮੜ ਰਿਹਾ ਭਾਰਤ ਪ੍ਰੇਮ


ਨਵੀਂ ਦਿੱਲੀ/ਬੀਜਿੰਗ—ਸਰਹੱਦ 'ਤੇ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਚੀਨੀ ਸੈਲਾਨੀਆਂ ਅਤੇ ਵਪਾਰੀਆਂ ਦਾ ਭਾਰਤ ਪ੍ਰੇਮ ਵਧਦਾ ਹੀ ਜਾ ਰਿਹਾ ਹੈ। ਚੀਨ ਸਥਿਤ ਭਾਰਤੀ ਦੂਤਘਰ ਦੀ ਵੈੱਬਸਾਈਟ ਮੁਤਾਬਕ 2016 ਵਿਚ ਜਿਥੇ ਭਾਰਤ ਵਿਚ ਆਉਣ ਵਾਲੇ ਚੀਨੀ ਨਾਗਰਿਕਾਂ ਦੀ ਗਿਣਤੀ ਵਿਚ 30 ਫੀਸਦੀ ਦਾ ਉਛਾਲ ਆਇਆ ਸੀ, ਉਥੇ ਹੀ 2017 ਦੇ 5 ਮਹੀਨਿਆਂ ਵਿਚ ਹੀ ਚੀਨੀ ਨਾਗਰਿਕਾਂ ਦੀ ਗਿਣਤੀ  9 ਫੀਸਦੀ ਵਧ ਚੁੱਕੀ ਹੈ। ਇਸ ਵਿਚ ਚੀਨੀ ਸੈਲਾਨੀਆਂ ਦੇ ਨਾਲ ਹੀ ਵੱਡੀ ਗਿਣਤੀ ਵਿਚ ਚੀਨੀ ਵਪਾਰੀ ਵੀ ਸ਼ਾਮਲ ਹਨ। ਇਹ ਹੀ ਨਹੀਂ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਚੀਨੀ ਵਪਾਰੀਆਂ ਅਤੇ ਸੈਲਾਨੀਆਂ ਨੇ ਵੀਜ਼ੇ ਲਈ ਵਿਦੇਸ਼ ਮੰਤਰਾਲੇ ਕੋਲ ਅਰਜ਼ੀਆਂ ਵੀ ਦਿੱਤੀਆਂ ਹਨ। ਇਸ ਤੋਂ ਜ਼ਾਹਿਰ ਹੈ ਕਿ ਚੀਨ ਦੇ ਵਪਾਰੀਆਂ ਵਿਚ ਭਾਰਤ ਪ੍ਰੇਮ ਲਗਾਤਾਰ ਵਧ ਰਿਹਾ ਹੈ।
ਆਨਲਾਈਨ ਟ੍ਰੈਵਲਿੰਗ ਪੈਕੇਜ ਦੇਣ ਵਾਲੀ ਸੰਸਥਾ 'ਯਾਤਰਾ'  ਦੇ ਪ੍ਰੈਜ਼ੀਡੈਂਟ ਸ਼ਰਤ ਢਲ ਦੱਸਦੇ ਹਨ ਕਿ ਚੀਨ ਤੋਂ ਆਉਣ ਵਾਲੇ ਨਾਗਰਿਕਾਂ ਵਿਚ ਵੱਡੀ ਗਿਣਤੀ ਵਿਚ ਵਪਾਰੀ ਅਤੇ ਉਦਯੋਗਪਤੀ ਸ਼ਾਮਲ ਰਹਿੰਦੇ ਹਨ ਕਿਉਂਕਿ ਚਾਈਨਾ ਦੇ ਟਾਪ-15 ਬਾਜ਼ਾਰਾਂ ਵਿਚ ਭਾਰਤ ਵੀ ਸ਼ਾਮਲ ਹੈ। ਇਹ ਹੀ ਵਜ੍ਹਾ ਹੈ ਕਿ ਚੀਨ ਤੋਂ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। 
ਅੰਕੜਿਆਂ ਮੁਤਾਬਕ ਲਗਾਤਾਰ ਤੀਸਰੇ ਸਾਲ ਦੋਹਰੇ ਅੰਕਾਂ ਵਿਚ ਸੈਲਾਨੀਆਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2003 ਵਿਚ ਚੀਨ ਤੋਂ ਭਾਰਤ ਆਉਣ ਵਾਲਿਆਂ ਦੀ ਗਿਣਤੀ ਜਿਥੇ ਸਿਰਫ 21, 152 ਸੀ, ਉਥੇ ਹੀ 2016 ਵਿਚ ਇਹ ਗਿਣਤੀ ਵਧ ਕੇ 2,54,000 ਤੱਕ ਪਹੁੰਚ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਇਹ ਗ੍ਰੋਥ ਤੇਜ਼ੀ ਨਾਲ ਵਧੀ  ਹੈ।  2013 ਵਿਚ ਚੀਨ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਜਿਥੇ 1,74,712 ਸੀ, ਉਥੇ ਹੀ 2014 ਵਿਚ ਇਹ ਗਿਣਤੀ 1,81,020 ਤੱਕ ਪਹੁੰਚ ਗਈ ਜੋ ਕਿ 3.6 ਫੀਸਦੀ ਦਾ ਵਾਧਾ ਦਰਸਾਉਂਦੀ ਹੈ। 2015 ਵਿਚ 14 ਫੀਸਦੀ ਵਾਧੇ ਦੇ ਨਾਲ ਇਹ ਗਿਣਤੀ 2,06,322 ਤੱਕ ਪਹੁੰਚ ਗਈ, ਜਦਕਿ 2016 ਵਿਚ ਇਹ ਗਿਣਤੀ 23.2 ਫੀਸਦੀ ਵਾਧੇ ਨਾਲ 2,54,286 ਤੱਕ ਪਹੁੰਚ ਚੁੱਕੀ ਹੈ। ਅੰਕੜਿਆਂ ਮੁਤਾਬਕ ਅਕਤੂਬਰ ਤੋਂ ਮਾਰਚ ਦੇ ਵਿਚਾਲੇ ਚੀਨ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਇਹ ਹੀ ਨਹੀਂ, ਚੀਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਮੁਹੱਈਆ ਅੰਕੜਿਆਂ ਮੁਤਾਬਕ 2013 ਵਿਚ ਸਭ ਤੋਂ ਜ਼ਿਆਦਾ 6,76,000 ਰਹੀ ਸੀ।


Related News