ਹਿੰਦ ਮਹਾਸਾਗਰ ’ਚ ਦਾਖ਼ਲ ਹੋਇਆ ਚੀਨੀ ਜਾਸੂਸੀ ਜਹਾਜ਼
Wednesday, Dec 07, 2022 - 11:32 AM (IST)
ਨਵੀਂ ਦਿੱਲੀ (ਭਾਸ਼ਾ)- ਬੰਗਾਲ ਦੀ ਖਾੜੀ ’ਚ ਭਾਰਤ ਵਲੋਂ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਤੋਂ ਪਹਿਲਾਂ ਚੀਨ ਦੀ ਵੱਖ-ਵੱਖ ਨਿਗਰਾਨੀ ਉਪਕਰਣਾਂ ਨਾਲ ਲੈੱਸ ਜਾਸੂਸੀ ਜਹਾਜ਼ ‘ਯੁਆਨ ਵਾਂਗ 5’ ਹਿੰਦ ਮਹਾਸਾਗਰ ਖੇਤਰ ’ਚ ਦਾਖ਼ਲ ਹੋ ਚੁੱਕਾ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਤਾ ਲੱਗਾ ਹੈ ਕਿ ਭਾਰਤੀ ਜਲ ਸੈਨਾ ਬੈਲਿਸਟਿਕ ਮਿਜ਼ਾਈਲਾਂ ਅਤੇ ਸੈਟੇਲਾਈਟ ਨਿਗਰਾਨੀ ’ਚ ਸਮਰੱਥ ਚੀਨੀ ਜਹਾਜ਼ਾਂ ਦੀ ਆਵਾਜਾਹੀ ’ਤੇ ਨਜ਼ਰ ਰੱਖੀ ਹੋਏ ਹਨ। ਅਗਸਤ ’ਚ ਹੰਬਨਟੋਟਾ ਬੰਦਰਗਾਹ ’ਤੇ ਜਹਾਜ਼ ਦੇ ਰੁਕਣ ਨਾਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਕ ਕੂਟਨੀਤਕ ਵਿਵਾਦ ਪੈਦਾ ਕਰ ਦਿੱਤਾ ਸੀ।
ਓਪਨ ਸੋਰਸ ਖੁਫੀਆ ਮਾਹਰ ਡੈਮੀਅਨ ਸਾਈਮਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਚੀਨ ਦਾ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ‘ਯੁਆਨ ਵਾਂਗ 5’ ਹਿੰਦ ਮਹਾਸਾਗਰ ਖੇਤਰ ’ਚ ਦਾਖ਼ਲ ਹੋ ਗਿਆ ਹੈ। ਹਿੰਦ ਮਹਾਸਾਗਰ ਖੇਤਰ ’ਚ ਜਾਸੂਸੀ ਜਹਾਜ਼ ਦੀ ਮੌਜੂਦਗੀ ਦੀਆਂ ਰਿਪੋਰਟਾਂ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਨਿਰਧਾਰਿਤ ਪ੍ਰੋਟੋਕੋਲ ਦੇ ਅਨੁਸਾਰ, ਭਾਰਤ ਨੇ ਹਾਲ ਹੀ ’ਚ ਇਕ ਮਿਜ਼ਾਈਲ ਪ੍ਰੀਖਣ ਦੇ ਸਬੰਧ ’ਚ ਐੱਨ. ਓ. ਟੀ. ਏ. ਐੱਮ. (ਨੋਟਿਸ ਟੂ ਏਅਰਮੈਨ /ਨੋਟਿਸ ਟੂ ਏਅਰ ਮਿਸ਼ਨ) ਜਾਰੀ ਕੀਤਾ ਹੈ।