UN 'ਚ ਠੰਡਾ ਪਿਆ ਚੀਨ, ਸ਼ੀ ਜਿਨਪਿੰਗ ਬੋਲੇ- 'ਨਹੀਂ ਚਾਹੁੰਦੇ ਕਿਸੇ ਨਾਲ ਯੁੱਧ'

Wednesday, Sep 23, 2020 - 09:36 AM (IST)

UN 'ਚ ਠੰਡਾ ਪਿਆ ਚੀਨ, ਸ਼ੀ ਜਿਨਪਿੰਗ ਬੋਲੇ- 'ਨਹੀਂ ਚਾਹੁੰਦੇ ਕਿਸੇ ਨਾਲ ਯੁੱਧ'

ਸੰਯੁਕਤ ਰਾਸ਼ਟਰ- ਗੁਆਂਢੀ ਦੇਸ਼ਾਂ ਨਾਲ ਹਮਲਾਵਰ ਰਵੱਈਏ ਅਤੇ ਅਮਰੀਕਾ ਤੇ ਭਾਰਤ ਨਾਲ ਤਣਾਅ ਵਿਚਕਾਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ (ਯੂ. ਐੱਨ.) ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਤਰ੍ਹਾਂ ਦਾ ਯੁੱਧ ਲੜਨ ਦਾ ਇਰਾਦਾ ਨਹੀਂ ਰੱਖਦਾ। ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਵਿਚ ਸ਼ੀ ਨੇ ਕਿਹਾ ਕਿ ਚੀਨ ਦੂਜੇ ਦੇਸ਼ਾਂ ਨਾਲ ਮਤਭੇਦਾਂ ਨੂੰ ਘੱਟ ਕਰਨ ਤੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਜਾਰੀ ਰੱਖੇਗਾ।

 
ਸ਼ੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਚੀਨ ਪਿਛਲੇ ਚਾਰ ਮਹੀਨਿਆਂ ਤੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਭਾਰਤ ਨਾਲ ਸਰਹੱਦ ਵਿਵਾਦ ਨੂੰ ਲੈ ਕੇ ਬੁਰਾ ਵਿਵਹਾਰ ਕਰ ਰਿਹਾ ਹੈ ਤੇ ਲੜਾਈ ਲਈ ਪੰਗੇ ਲੈ ਰਿਹਾ ਹੈ। ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਸੰਦੇਸ਼ ਵਿਚ ਸ਼ੀ ਨੇ ਕਿਹਾ ਕਿ ਸਾਡਾ ਕਿਸੇ ਨਾਲ ਵੀ ਸ਼ੀਤ ਜਾਂ ਪਰੰਪਰਾਗਤ ਯੁੱਧ ਲੜਨ ਦਾ ਕੋਈ ਇਰਾਦਾ ਨਹੀਂ ਹੈ। ਸ਼ੀ ਨੇ ਕੋਰੋਨਾ ਵਾਇਰਸ ਨਾਲ ਲੜਨ ਦੀ ਗੱਲ ਵੀ ਆਖੀ ਤੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਸ ਨਾਲ ਲੜਨਾ ਚਾਹੀਦਾ ਹੈ। 

ਗੌਰਤਲਬ ਹੈ ਕਿ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦੋਗਲੀ ਰਣਨੀਤੀ ਵਰਤ ਰਿਹਾ ਹੈ। ਇਕ ਪਾਸੇ ਉਹ ਸਰਹੱਦ 'ਤੇ ਭਾਰਤ ਨਾਲ ਲਗਾਤਾਰ ਤਣਾਅ ਵਧਾ ਰਿਹਾ ਹੈ ਤੇ ਦੂਜੇ ਪਾਸੇ ਬਿਆਨਾਂ ਵਿਚ ਕਿਸੇ ਨਾਲ ਵੀ ਯੁੱਧ ਨਾ ਕਰਨ ਦੇ ਬਿਆਨ ਦੇ ਰਿਹਾ ਹੈ। 


author

Lalita Mam

Content Editor

Related News