ਵੱਡੀ ਤਿਆਰੀ ਕਰ ਰਹੀ ਚੀਨੀ ਏਅਰ ਫੋਰਸ, ਭਾਰਤੀ ਏਜੰਸੀਆਂ ਨੇ ਕੈਦ ਕੀਤੀਆਂ ਹਰਕਤਾਂ

Thursday, Aug 20, 2020 - 11:57 PM (IST)

ਵੱਡੀ ਤਿਆਰੀ ਕਰ ਰਹੀ ਚੀਨੀ ਏਅਰ ਫੋਰਸ, ਭਾਰਤੀ ਏਜੰਸੀਆਂ ਨੇ ਕੈਦ ਕੀਤੀਆਂ ਹਰਕਤਾਂ

ਨਵੀਂ ਦਿੱਲੀ  - ਪੂਰਬੀ ਲੱਦਾਖ ਵਿਚ ਚੀਨ ਨਾਲ ਜਾਰੀ ਤਣਾਅ ਨੂੰ ਦੇਖਦੇ ਹੋਏ ਭਾਰਤੀ ਏਜੰਸੀਆਂ ਕਾਫੀ ਸੁਚੇਤ ਹਨ ਅਤੇ ਉਹ ਸਖਤੀ ਨਾਲ ਨਿਗਰਾਨੀ ਕਰ ਰਹੀਆਂ ਹਨ। ਭਾਰਤੀ ਏਜੰਸੀਆਂ ਅਰੁਣਾਚਲ ਪ੍ਰਦੇਸ਼ ਦੇ ਉੱਤਰ ਵਿਚ ਲੱਦਾਖ ਦੇ ਦੂਜੇ ਪਾਸੇ ਐੱਲ. ਏ. ਸੀ. 'ਤੇ ਪੀਪਲਸ ਲਿਬਰੇਸ਼ਨ ਆਰਮੀ ਦੀ ਹਵਾਈ ਫੌਜ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖ ਰਹੀਆਂ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸ਼ਿਨਜਿਆਂਗ ਅਤੇ ਤਿੱਬਤ ਖੇਤਰ ਵਿਚ ਹੋਟਨ, ਗਰ ਗੁਨਸਾ, ਕਾਸ਼ਘਰ, ਹੋਪਿੰਗ, ਡੋਂਕਾ ਡੋਂਗ, ਲਿੰਝੀ ਅਤੇ ਪੰਗਟ ਏਅਰ ਬੇਸ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਚੀਨੀ ਏਅਰ ਫੋਰਸ ਨੇ ਹਾਲ ਹੀ ਦੇ ਦਿਨਾਂ ਵਿਚ ਆਪਣੇ ਕਈ ਏਅਰਬੇਸਾਂ ਨੂੰ ਅਪਗ੍ਰੇਡ ਕੀਤਾ ਹੈ। ਚੀਨੀ ਹਵਾਈ ਫੌਜ ਨੇ ਹਾਰਡੇਨ ਸ਼ੈਲਟਰਾਂ ਦਾ ਨਿਰਮਾਣ ਅਤੇ ਰਨਵੇਅ ਦੀ ਲੰਬਾਈ ਦਾ ਵਿਸਥਾਰ ਕੀਤਾ ਹੈ। ਨਾਲ ਹੀ ਨਾਲ ਅਪ੍ਰੇਸ਼ਨਾਂ ਨੂੰ ਅੰਜ਼ਾਮ ਦੇਣ ਲਈ ਵੱਡੀ ਗਿਣਤੀ ਵਿਚ ਹੋਰ ਜਵਾਨਾਂ ਦੀ ਤਾਇਨਾਤੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਉੱਤਰ-ਪੂਰਬੀ ਰਾਜਾਂ ਸਾਹਮਣੇ ਚੀਨ ਦਾ ਲਿੰਝੀ ਏਅਰ ਬੇਸ ਹੈ। ਇਹ ਮੁੱਖ ਰੂਪ ਤੋਂ ਇਕ ਹੈਲੀਕਾਪਟਰ ਬੇਸ ਹੈ। ਚੀਨ ਨੇ ਨੇੜੇ ਦੇ ਭਾਰਤੀ ਖੇਤਰਾਂ ਵਿਚ ਆਪਣੀ ਨਿਗਰਾਨੀ ਗਤੀਵਿਧੀਆਂ ਨੂੰ ਵਧਾਉਣ ਲਈ ਉਥੇ ਹੈਲੀਪੈਡ ਦਾ ਇਕ ਨੈੱਟਵਰਕ ਵੀ ਬਣਾਇਆ ਹੈ।

ਸੂਤਰਾਂ ਨੇ ਦੱਸਿਆ ਕਿ ਦੁਨੀਆ ਸਾਹਮਣੇ ਗੱਲਬਾਤ ਅਤੇ ਸ਼ਾਂਤੀ ਦਾ ਦਿਖਾਵਾ ਕਰਨ ਵਾਲੇ ਚਲਾਕ ਚੀਨ ਨੇ ਲੱਦਾਖ ਸੈਕਟਰ ਅਤੇ ਭਾਰਤ ਨਾਲ ਲੱਗਦੇ ਹੋਰ ਖੇਤਰਾਂ ਵਿਚ ਆਪਣੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਇਨਾਂ ਲੜਾਕੂ ਜਹਾਜ਼ਾਂ ਵਿਚ ਸੁਖੋਈ-30 ਦੇ ਚੀਨੀ ਐਡੀਸ਼ਨ ਅਤੇ ਸਵਦੇਸ਼ੀ ਜੇ-ਸੀਰੀਜ਼ ਦੇ ਬੰਬ ਵਰਾਉਣ ਵਾਲੇ ਜਹਾਜ਼ ਸ਼ਾਮਲ ਹਨ। ਭਾਰਤੀ ਏਜੰਸੀਆਂ ਉਪਗ੍ਰਹਿਆਂ ਅਤੇ ਹੋਰ ਮਾਧਿਅਮਾਂ ਨਾਲ ਇਨਾਂ ਸਾਰੇ ਲੜਾਕੂ ਜਹਾਜ਼ਾਂ ਦੀ ਨਿਗਰਾਨੀ ਕਰ ਰਹੀਆਂ ਹਨ। ਭਾਰਤੀ ਹਵਾਈ ਫੌਜ ਨੇ ਵੀ ਚੀਨੀ ਫੌਜ ਦੀਆਂ ਇਨਾਂ ਹਰਕਤਾਂ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਭਾਰਤੀ ਹਵਾਈ ਫੌਜ ਚੀਨ ਦੇ ਕਿਸੇ ਵੀ ਹਮਲੇ ਨਾਲ ਨਜਿੱਠਣ ਲਈ ਆਪਣੇ ਏਅਰਬੇਸਾਂ 'ਤੇ ਸੁਖੋਈ-30, ਸੁਖੋਈ-30 ਐੱਮ. ਕੇ. ਆਈ., ਮਿਗ-29 ਅਤੇ ਮਿਰਾਜ਼-2000 ਦੇ ਆਪਣੇ ਬੇੜੇ ਨੂੰ ਪਹਿਲਾਂ ਹੀ ਤਾਇਨਾਤ ਕਰ ਚੁੱਕੀ ਹੈ। ਚੀਨ ਨਾਲ ਤਣਾਅ ਦੇ ਪਹਿਲੇ ਪੜਾਅ (ਅਪ੍ਰੈਲ-ਮਈ) ਵਿਚ ਭਾਰਤੀ ਫੌਜਾਂ ਨੇ ਆਪਣੇ ਮੋਰਚਿਆਂ 'ਤੇ ਤਾਇਨਾਤੀ ਕੀਤੀ ਸੀ। ਭਾਰਤੀ ਹਵਾਈ ਫੌਜ ਦੀ ਇਸ ਤਾਇਨਾਤੀ ਦੇ ਚੱਲਦੇ ਹੀ ਪੂਰਬੀ ਲੱਦਾਖ ਵਿਚ ਚੀਨੀ ਜਹਾਜ਼ਾਂ ਦੀ ਭਾਰਤੀ ਖੇਤਰ ਵਿਚ ਘੁਸਪੈਠ 'ਤੇ ਲਗਾਮ ਲੱਗੀ ਸੀ।


author

Khushdeep Jassi

Content Editor

Related News