ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਮਸੂਦ ਨੂੰ ਅੱਤਵਾਦੀ ਨਾ ਮੰਨਣ ਨਾਲ ਭਾਰਤ ਦੇ ਸੰਕਲਪ ''ਤੇ ਕੋਈ ਅਸਰ ਨਹੀਂ

11/03/2017 9:37:55 PM

ਨਵੀਂ ਦਿੱਲੀ— ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਵਲੋਂ ਪਾਕਿਸਤਾਨ ਸਥਿਤ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀਆਂ ਦੀ ਸੂਚੀ 'ਚ ਪਾਉਣ ਦਾ ਰਸਤਾ ਲਗਾਤਾਰ ਰੋਕਣ ਦੇ ਬਾਵਜੂਦ ਉਹ ਅੱਤਵਾਦ ਦੇ ਖਿਲਾਫ ਆਪਣੀ ਲੜਾਈ ਤੋਂ ਪਿੱਛੇ ਨਹੀਂ ਹਟੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕਿਸੇ ਦੇਸ਼ ਦੀ ਅਸਹਿਮਤੀ ਨੂੰ ਰੋਕਣ ਦੇ ਫੈਸਲੇ ਨੂੰ ਅੱਤਵਾਦ ਦੇ ਖਿਲਾਫ ਸਾਡੀਆਂ ਕੋਸ਼ਿਸ਼ਾਂ ਦੇ ਅੰਤ ਦੇ ਰੂਪ 'ਚ ਨਹੀਂ ਦੇਖਿਆ ਜਾਣਾ ਚਾਹੀਦਾ ਹੈ।
ਮਹੱਤਵਪੂਰਨ ਗੱਲ ਹੈ ਕਿ ਇਹ ਕਿਸੇ ਵੀ ਤਰ੍ਹਾਂ ਨਾਲ ਅੱਤਵਾਦ ਦੇ ਖਿਲਾਫ ਲੜਾਈ ਦੀ ਸਾਡੀ ਵਚਨਬੱਧਤਾ ਤੋਂ ਸਾਨੂੰ ਦੂਰ ਨਹੀਂ ਕਰਦਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਸਮਾਨ ਵਿਚਾਰਾਂ ਵਾਲੇ ਦੇਸ਼ਾਂ ਦੇ ਨਾਲ ਮਿਲ ਕੇ ਅੱਤਵਾਦ ਦੇ ਖਿਲਾਫ ਲੜਾਈ ਜਾਰੀ ਰੱਖੇਗਾ। ਚੀਨ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦ ਦੇ ਖਿਲਾਫ ਸਾਡੇ ਸੰਕਲਪ ਨੂੰ ਪ੍ਰਭਾਵਿਤ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਚੀਨ ਨੇ ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਮੁਖੀ ਤੇ ਪਠਾਨਕੋਟ ਅੱਤਵਾਦੀ ਹਮਲਿਆਂ ਦੇ ਸਾਜ਼ਿਸ਼ਕਰਤਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਭਾਰਤ, ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਕੋਸ਼ਿਸ਼ਾਂ 'ਚ ਚੌਥੀ ਵਾਰ ਰੋਕਾ ਪਾਇਆ ਹੈ ਤੇ ਕਿਹਾ ਹੈ ਕਿ ਚੋਣ ਕਮੇਟੀ ਦੇ ਮੈਂਬਰਾਂ ਨੇ ਇਸ ਸਬੰਧ 'ਚ ਕੋਈ ਆਮਰਾਏ ਨਹੀਂ ਬਣੀ ਹੈ।


Related News