ਚੀਨ ਦੀ ਚਿਤਾਵਨੀ- ਜੰਗ 'ਚ ਕੰਮ ਨਹੀਂ ਆਵੇਗੀ 'ਅਟਲ ਟਨਲ', ਮਿੰਟਾਂ 'ਚ ਕਰ ਦਿਆਂਗੇ ਤਬਾਹ

Tuesday, Oct 06, 2020 - 05:03 AM (IST)

ਚੀਨ ਦੀ ਚਿਤਾਵਨੀ- ਜੰਗ 'ਚ ਕੰਮ ਨਹੀਂ ਆਵੇਗੀ 'ਅਟਲ ਟਨਲ', ਮਿੰਟਾਂ 'ਚ ਕਰ ਦਿਆਂਗੇ ਤਬਾਹ

ਬੀਜ਼ਿੰਗ - ਚੀਨ ਇਕ ਪਾਸੇ ਅੰਤਰਰਾਸ਼ਟਰੀ ਮੰਚਾਂ ਤੋਂ ਭਾਰਤ ਦੇ ਨਾਲ ਸ਼ਾਂਤੀ ਦੀ ਗੱਲ ਕਰ ਰਿਹਾ ਹੈ, ਉਥੇ ਚੀਨ ਦੀ ਸਰਕਾਰੀ ਮੀਡੀਆ ਜੰਗ ਦੀਆਂ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਹੀ। ਇਸ ਵਾਰ ਚੀਨ ਦੀ ਸਰਕਾਰੀ ਅਖਬਾਰ ਗਲੋਬਲ ਟਾਈਮਸ ਨੇ ਚਿਤਾਵਨੀ ਦਿੱਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਚ ਸਾਮਰਿਕ ਦ੍ਰਿਸ਼ਟੀਕੋਣ ਤੋਂ ਅਹਿਮ 'ਅਟਲ ਟਨਲ' ਜੰਗ ਵੇਲੇ ਭਾਰਤ ਦੇ ਕਿਸੇ ਕੰਮ ਨਹੀਂ ਆਵੇਗੀ। ਅਖਬਾਰ ਨੇ ਚਿਤਾਵਨੀ ਦਿੱਤੀ ਹੈ ਕਿ ਭਾਂਵੇ ਹੀ ਸ਼ਾਂਤੀਪੂਰਣ ਸਮੇਂ ਵਿਚ ਇਹ ਟਨਲ ਭਾਰਤ ਦੇ ਕਾਫੀ ਕੰਮ ਆਵੇ ਬਹੁਤ ਜੰਗ ਦੀ ਸਥਿਤੀ ਵਿਚ ਇਹ ਟਿੱਕ ਨਹੀਂ ਪਾਵੇਗੀ ਅਤੇ ਚੀਨੀ ਫੌਜ ਇਸ ਨੂੰ ਮਿੰਟਾਂ ਵਿਚ ਤਬਾਹ ਕਰ ਦੇਵੇਗੀ। ਇਸ ਲੇਖ ਵਿਚ ਅੱਗੇ ਆਖਿਆ ਗਿਆ ਹੈ ਕਿ ਜੰਗ ਦੇ ਵੇਲੇ, ਖਾਸ ਕਰਕੇ ਫੌਜੀ ਸੰਘਰਸ਼ ਵਿਚ ਇਸ ਤੋਂ ਕੋਈ ਫਾਇਦਾ ਨਹੀਂ ਹੋਣ ਵਾਲਾ। ਚਾਈਨਾ ਪੀਪਲਸ ਆਰਮੀ ਕੋਲ ਇਸ ਸੁਰੰਗ ਨੂੰ ਬੇਕਾਰ ਕਰਨ ਦੇ ਕਈ ਤਰੀਕੇ ਹਨ। ਭਾਰਤ ਅਤੇ ਚੀਨ ਲਈ ਇਹ ਬਿਹਤਰ ਹੈ ਕਿ ਦੋਵੇਂ ਇਕ-ਦੂਜੇ ਦੇ ਨਾਲ ਸ਼ਾਂਤੀਪੂਰਣ ਤਰੀਕੇ ਨਾਲ ਰਹੇ।

ਗਲੋਬਲ ਟਾਈਮਸ ਨੇ ਅੱਗੇ ਲਿੱਖਿਆ ਹੈ ਕਿ ਅਜੇ ਸ਼ਾਂਤੀ ਦਾ ਵੇਲਾ ਹੈ ਅਤੇ ਭਾਰਤ ਨੂੰ ਇਹ ਅਹਿਸਾਸ ਨਹੀਂ ਹੋ ਪਾ ਰਿਹਾ ਹੈ ਕਿ ਜੰਗ ਛਿੱੜਣ 'ਤੇ ਅਟਲ ਟਨਲ ਕੰਮ ਨਹੀਂ ਆਵੇਗੀ। ਇਸ ਸੁਰੰਗ ਦੇ ਬਣਨ ਨਾਲ ਪੂਰਾ ਦੇਸ਼ ਖੁਸ਼ ਹੈ। ਪਰ ਜਿਥੇ ਇਕ ਭਾਰਤੀ ਸਿਆਸਤਦਾਨਾਂ ਦੀ ਗੱਲ ਹੈ, ਉਹ ਇਸ ਦਾ ਇਸਤੇਮਾਲ ਸਿਰਫ ਦਿਖਾਵੇ ਅਤੇ ਆਪਣੇ ਸਿਆਸੀ ਫਾਇਦੇ ਲਈ ਕਰ ਰਹੇ ਹਨ। ਇਹ ਸਾਫ ਤੌਰ 'ਤੇ ਸਿਆਸੀ ਪ੍ਰਚਾਰ ਹੈ। ਅਖਬਾਰ ਲਿੱਖਦਾ ਹੈ ਕਿ ਸੁਰੰਗ ਜੰਗ ਵਿਚ ਕੰਮ ਆਵੇਗੀ ਜਾਂ ਨਹੀ, ਭਾਰਤੀ ਸਿਆਸੀ ਨੇਤਾਵਾਂ ਲਈ ਇਹ ਵਿਚਾਰ ਦਾ ਵਿਸ਼ਾ ਨਹੀਂ ਹੈ ਬਲਕਿ ਉਹ ਆਪਣੇ ਸਿਆਸੀ ਹਿੱਤਾਂ ਨੂੰ ਸਾਧਣ ਲਈ ਇਸ ਨੂੰ ਹਥਿਆਰ ਬਣਾ ਰਹੇ ਹਨ। ਗਲੋਬਲ ਟਾਈਮਸ ਨੇ ਲਿਖਿਆ ਹੈ ਕਿ ਹਿ ਇਲਾਕਾ ਪਹਾੜੀ ਖੇਤਰ ਹੈ ਅਤੇ ਸੰਘਣੀ ਆਬਾਦੀ ਵਾਲਾ ਹੈ ਇਸ ਲਈ ਇਸ ਦਾ ਨਿਰਮਾਣ ਸਿਰਫ ਫੌਜੀ ਮਕਸਦ ਨਾਲ ਕੀਤਾ ਗਿਆ ਹੈ। ਗਲੋਬਲ ਟਾਈਮਸ ਨੇ ਲਿਖਿਆ ਹੈ ਕਿ ਕੋਈ ਵੀ ਸੁਰੰਗ ਭਾਰਤ ਦੀ ਲੜਾਕੂ ਸਮਰੱਥਾ ਨੂੰ ਨਹੀਂ ਵਧਾ ਸਕਦੀ। ਭਾਰਤ ਅਤੇ ਚੀਨ ਦੀ ਲੜਾਕੂ ਸਮਰੱਥਾ ਵਿਚ ਨਿਸ਼ਚਤ ਤੌਰ 'ਤੇ ਵੱਡਾ ਫਰਕ ਹੈ, ਖਾਸ ਕਰਕੇ ਭਾਰਤ ਦੀ ਜੰਗ ਕਰਨ ਦੀ ਸਮਰੱਥਾ ਬਿਲਕੁਲ ਵੀ ਸੰਗਠਿਤ ਨਹੀਂ ਹੈ। ਭਾਰਤ ਚੀਨ ਦੀ ਸਮਰੱਥਾ ਤੋਂ ਅਜੇ ਬਹੁਤ ਦੂਰ ਹੈ। ਅਖਬਾਰ ਨੇ ਭਾਰਤ ਨੂੰ ਸੰਯਮ ਵਰਤਣ ਦੀ ਸਲਾਹ ਦਿੰਦੇ ਹੋਏ ਆਖਿਆ ਹੈ ਕਿ ਉਸ ਨੂੰ ਕਿਸੇ ਵੀ ਉਕਸਾਵੇ ਵਾਲੀ ਗਤੀਵਿਧੀ ਤੋਂ ਬਚਣਾ ਹੋਵੇਗਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਚ ਸਾਮਰਿਕ ਦ੍ਰਿਸ਼ਟੀਕੋਣ ਤੋਂ ਅਹਿਮ ਅਟਲ ਟਨਲ ਦਾ ਉਦਘਾਟਨ ਕੀਤਾ ਹੈ। ਪੀ. ਐੱਮ. ਨਰਿੰਦਰ ਮੋਦੀ ਨੇ ਸੁਰੰਗ ਦਾ ਉਦਘਾਟਨ ਕਰਦੇ ਹੋਏ ਆਖਿਆ ਸੀ ਕਿ ਇਹ ਸੁਰੰਗ ਦੇਸ਼ ਦੇ ਬਾਰਡਰ ਇੰਫ੍ਰਾਸਟ੍ਰਕਚਰ ਦੀ ਨਵੀਂ ਤਾਕਤ ਬਣੇਗੀ। ਪੀ. ਐੱਮ. ਮੋਦੀ ਨੇ ਚੀਨ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿਚ ਸੰਦੇਸ਼ ਦਿੱਤਾ ਅਤੇ ਆਖਿਆ ਕਿ ਬਾਰਡਰ ਇੰਫ੍ਰਾਸਟ੍ਰਕਚਰ ਦੇ ਕਈ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ ਅਤੇ ਕਈਆਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਜਾਣਕਾਰਾਂ ਮੁਤਾਬਕ, ਭਾਰਤ ਦੀ ਸਰਹੱਦੀ ਇਲਾਕੇ ਵਿਚ ਇੰਫ੍ਰਾਸਟ੍ਰਕਚਰ ਮਜ਼ਬੂਤ ਹੁੰਦੇ ਦੇਖ ਕੇ ਚੀਨੀ ਮੀਡੀਆ ਵੀ ਬੈਚੇਨ ਹੋ ਚੁੱਕਿਆ ਹੈ। ਹਮੇਸ਼ਾ ਦੀ ਤਰ੍ਹਾਂ ਚੀਨੀ ਸਰਕਾਰ ਦੀ ਅਖਬਾਰ ਗਲੋਬਲ ਟਾਈਮਸ ਨੇ ਅਟਲ ਟਨਲ ਨੂੰ ਲੈ ਕੇ ਆਪਣਾ ਪ੍ਰੋਪੇਗੈਂਡਾ ਛਾਪਿਆ ਹੈ ਅਤੇ ਭਾਰਤ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਗਲੋਬਲ ਟਾਈਮਸ ਨੇ ਆਪਣੇ ਆਰਟੀਕਲ ਵਿਚ ਲਿਖਿਆ ਹੈ ਕਿ ਭਾਰਤ ਚੀਨ ਨਾਲ ਲੱਗਦੀ ਸਰਹੱਦ 'ਤੇ ਸੜਕਾਂ, ਪੁੱਲ ਅਤੇ ਹੋਰ ਇੰਫ੍ਰਸਟ੍ਰਕਚਰ ਦਾ ਵਿਕਾਸ ਕਰ ਰਿਹਾ ਹੈ। ਅਖਬਾਰ ਲਿੱਖਦਾ ਹੈ ਕਿ ਡਾਰਬੁਕ-ਦੌਲਤ ਬੇਗ ਓਲਡੀ (ਡੀ. ਐੱਸ. ਡੀ. ਬੀ. ਓ.) ਰੋਡ 255 ਕਿ. ਮੀ. ਲੰਬੀ ਸੜਕ ਹੈ ਜਿਸ ਦਾ ਨਿਰਮਾਣ ਪਿਛਲੇ ਸਾਲ ਪੂਰਾ ਹੋਇਆ ਹੈ। ਇਸ ਨੂੰ ਬਣਾਉਣ ਵਿਚ ਭਾਰਤ ਨੂੰ 2 ਦਹਾਕੇ ਲੱਗ ਗਏ। ਇਹ ਸੜਕ ਲੱਦਾਖ ਤੱਕ ਜਾਂਦੀ ਹੈ। ਇਨ੍ਹਾਂ ਸੜਕਾਂ ਤੋਂ ਇਲਾਵਾ, ਭਾਰਤ ਦੀ ਸਰਕਾਰ ਨੇ ਭਾਰਤ-ਚੀਨ ਸਰਹੱਦ 'ਤੇ ਸਾਮਰਿਕ ਨਜ਼ਰੀਏ ਤੋਂ ਅਹਿਮ 73 ਸੜਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ 'ਤੇ ਠੰਡ ਵਿਚ ਵੀ ਕੰਮ ਹੁੰਦਾ ਰਹੇਗਾ। ਚੀਨੀ ਅਖਬਾਰ ਲਿੱਖਦਾ ਹੈ ਕਿ ਜੰਗ ਲਈ ਤਿਆਰ ਇਨ੍ਹਾਂ ਸੜਕਾਂ ਦਾ ਭਵਿੱਖ 3 ਵਿਹਾਰਕ ਪਹਿਲੂਆਂ 'ਤੇ ਨਿਰਭਰ ਕਰਦਾ ਹੈ। ਪਹਿਲੀ ਗੱਲ ਕਿ ਭਾਰਤ ਸਰਕਾਰ ਕੀ ਚਾਹੁੰਦੀ ਹੈ। ਮੋਦੀ ਸਰਕਾਰ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਉਹ ਭਾਰਤ-ਚੀਨ ਸਰਹੱਦ 'ਤੇ ਫੌਜੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਦੂਜੀ ਗੱਲ ਹੈ- ਬਜਟ। ਭਾਰਤ ਆਪਣਾ ਰੱਖਿਆ ਬਜਟ ਵਧਾ ਰਿਹਾ ਹੈ ਅਤੇ ਇੰਫ੍ਰਾਸਟ੍ਰਕਚਰ 'ਤੇ ਪਹਿਲਾਂ ਦੀ ਤੁਲਨਾ ਵਿਚ ਜ਼ਿਆਦਾ ਖਰਚ ਕਰ ਰਿਹਾ ਹੈ ਜਿਸ ਦਾ ਮਕਸਦ ਹੈ ਚੀਨ ਨੂੰ ਰੋਕਣਾ। ਤੀਜੀ ਚੀਜ਼ ਹੈ - ਤਕਨੀਕ। ਇੰਫ੍ਰਾਸਟ੍ਰਕਚਰ ਖੜ੍ਹਾ ਕਰਨ ਦੀ ਸਮਰੱਥਾ ਦੇ ਮਾਮਲੇ ਵਿਚ ਭਾਰਤ ਚੀਨ ਤੋਂ ਬਹੁਤ ਪਿੱਛੇ ਹੈ। ਅਸਲ ਵਿਚ, 73 ਸੜਕਾਂ ਦੇ ਨਿਰਮਾਣ ਦੀ ਗੱਲ 10 ਸਾਲ ਪਹਿਲਾਂ ਕੀਤੀ ਗਈ ਸੀ ਪਰ ਹੁਣ ਤੱਕ ਇਹ ਸੜਕਾਂ ਨਹੀਂ ਬਣ ਪਾਈਆਂ ਹਨ। ਇਸ ਤੋਂ ਜ਼ਾਹਿਰ ਹੈ ਕਿ ਭਾਰਤ ਦੇ ਇੰਫ੍ਰਾਸਟ੍ਰਕਚਰ ਖੜ੍ਹਾ ਕਰਨ ਦੀ ਸਮਰੱਥਾ ਸੀਮਤ ਹੈ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਵਿਚ ਸੜਕ ਬਣਾਉਣਾ ਬੇਹੱਦ ਮੁਸ਼ਕਿਲ ਕੰਮ ਹੈ ਅਤੇ ਭਾਰਤ ਨੂੰ ਅਜਿਹੇ ਪ੍ਰਾਜੈਕਟਾਂ 'ਤੇ ਕੰਮ ਕਰਨ ਦਾ ਅਨੁਭਵ ਘੱਟ ਹੈ।


author

Khushdeep Jassi

Content Editor

Related News