ਰਾਹੁਲ ਦੀ ‘ਮੁਹੱਬਤ ਕੀ ਦੁਕਾਨ’ ’ਚ ਵਿਕ ਰਿਹਾ ਹੈ ਚੀਨੀ ਸਾਮਾਨ : ਅਨੁਰਾਗ ਠਾਕੁਰ

Tuesday, Aug 08, 2023 - 05:37 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੋਸ਼ ਲਾਇਆ ਹੈ ਕਿ ਚੀਨ, ਵੈੱਬਸਾਈਟ ‘ਨਿਊਜ਼ ਕਲਿਕ’ ਅਤੇ ਕਾਂਗਰਸ ਦਾ ‘ਭਾਰਤ ਵਿਰੋਧ’ ਨਾਲ ਅਟੁੱਟ ਸਬੰਧ ਹੈ।

ਉਨ੍ਹਾਂ ਇਹ ਟਿੱਪਣੀ ਅਜਿਹੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਕੀਤੀ ਕਿ ਚੀਨੀ ਕੰਪਨੀਆਂ ਉਕਤ ਪੋਰਟਲ ਲਈ ਫੰਡਿੰਗ ਕਰ ਰਹੀਆਂ ਹਨ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨਾਲ ਭਾਜਪਾ ਹੈੱਡਕੁਆਰਟਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਠਾਕੁਰ ਨੇ ਦੋਸ਼ ਲਾਇਆ ਕਿ ਰਾਹੁਲ ਜੀ ਦੀ ਫਰਜ਼ੀ ਮੁਹੱਬਤ ਕੀ ਦੁਕਾਨ ’ਤੇ ਚੀਨ ਦਾ ਸਾਮਾਨ ਵੇਚਿਆ ਜਾ ਰਿਹਾ ਹੈ। ਜੇ ਤੁਸੀਂ ਨਿਊਜ਼ ਕਲਿਕ ਦੇ ਫੰਡਿੰਗ ਨੈੱਟਵਰਕ ’ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਦੀ ਫੰਡਿੰਗ ਵਿਦੇਸ਼ੀ ਨੇਵਿਲ ਰਾਏ ਸਿੰਘਮ ਵਲੋਂ ਕੀਤੀ ਜਾਂਦੀ ਹੈ । ਇਹ ਰਕਮ ਚੀਨ ਤੋਂ ਮਿਲਦੀ ਹੈ। ਨੇਵਿਲ ਰਾਏ ਸਿੰਘਮ 'ਚੀਨੀ ਕਮਿਊਨਿਸਟ ਪਾਰਟੀ' ਅਤੇ ਚੀਨ ਦੀ ਮੀਡੀਆ ਕੰਪਨੀ ‘ਮਾਕੂ ਗਰੁੱਪ’ ਦੀ ਪ੍ਰਚਾਰ ਇਕਾਈ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ।

ਠਾਕੁਰ ਨੇ ਦਾਅਵਾ ਕੀਤਾ ਕਿ ਉਕਤ ਨਿਊਜ਼ ਪੋਰਟਲ ਵਿਚ ਵਿਦੇਸ਼ੀ ਹੱਥ ਦਾ ਖੁਲਾਸਾ 2021 ਵਿਚ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਰਿ ਉਹ ਅਾਜ਼ਾਦ ਖ਼ਬਰਾਂ ਦੇ ਨਾਂ ’ਤੇ ਫਰਜ਼ੀ ਖਬਰਾਂ ਬਣਾਉਂਦੇ ਹਨ।

ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਵਿਚ ‘ਨਿਊਯਾਰਕ ਟਾਈਮਜ਼’ ਅਖਬਾਰ ਵਿਚ ਛਪੀ ਇਕ ਰਿਪੋਰਟ ਨੂੰ ਉਠਾਇਆ ਸੀ ਜਿਸ ਅਨੁਸਾਰ ਨਿਊਜ਼ ਕਲਿਕ ਨੂੰ ਚੀਨੀ ਕੰਪਨੀਆਂ ਵਲੋਂ ਫੰਡ ਦਿੱਤਾ ਗਿਆ ਸੀ ਅਤੇ ਉਸ ਰਕਮ ਦੀ ਵਰਤੋਂ ਭਾਰਤ ਵਿਰੋਧੀ ਮਾਹੌਲ ਬਣਾਉਣ ਲਈ ਕੀਤੀ ਗਈ ਸੀ। ਇਸ ਖਬਰ ਨੂੰ ਲੈ ਕੇ ਸਮਾਚਾਰ ਪੋਰਟਲ ਜਾਂ ਕਾਂਗਰਸ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ।


Rakesh

Content Editor

Related News