ਚੀਨ LOC ’ਤੇ ਰੱਖਿਆ ਬੁਨਿਆਦੀ ਢਾਂਚੇ ਦੇ ਨਿਰਮਾਣ ’ਚ ਪਾਕਿਸਤਾਨੀ ਫੌਜ ਦੀ ਕਰ ਰਿਹੈ ਮਦਦ

06/26/2023 10:49:12 AM

ਨਵੀਂ ਦਿੱਲੀ (ਭਾਸ਼ਾ)- ਚੀਨ ਪਾਕਿਸਤਾਨੀ ਫੌਜ ਨੂੰ ਮਾਨਵ ਰਹਿਤ ਹਵਾਈ ਵਾਹਨਾਂ ਅਤੇ ਲੜਾਕੂ ਜਹਾਜ਼ ਮੁਹੱਈਆ ਕਰਵਾ ਕੇ, ਸੰਚਾਰ ਟਾਵਰ ਸਥਾਪਿਤ ਕਰਕੇ ਅਤੇ ਕੰਟਰੋਲ ਰੇਖਾ ਦੇ ਨਾਲ ਜ਼ਮੀਨਦੋਜ਼ ਕੇਬਲ ਵਿਛਾ ਕੇ ਰੱਖਿਆ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਮਦਦ ਕਰ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਹ ਪਾਕਿਸਤਾਨ ਦੇ ਸਦਾਬਹਾਰ ਦੋਸਤ ਦੇ ਤੌਰ ’ਤੇ ਚੀਨ ਦੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ, ਨਾਲ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਤੇ ਚੀਨੀ ਘੇਰੇ ਨੂੰ ਵਧਾਉਣ ਅਤੇ ਖੇਤਰ ’ਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ. ) ਸੜਕ ਅਤੇ ਪਣ-ਬਿਜਲੀ ਪ੍ਰੋਜੈਕਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਬਹਾਨੇ ਅਜਿਹਾ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ’ਚ ਵਿਕਸਿਤ 155 ਮਿਲੀਮੀਟਰ ਟਰੱਕ-ਮਾਊਂਟਿਡ ਹਾਵਿਤਜ਼ਰ ਐੱਸ. ਐੱਚ.-15 ਤੋਪ ਨੂੰ ਪਿਛਲੇ ਸਾਲ ਪਾਕਿਸਤਾਨ ਦਿਵਸ ’ਤੇ ਪ੍ਰਦਰਸ਼ਿਤ ਕੀਤੇ ਜਾਣ ਤੋਂ ਬਾਅਦ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨਾਲ-ਨਾਲ ਕੁਝ ਥਾਵਾਂ ’ਤੇ ਦੇਖਿਆ ਗਿਆ ਹੈ। ਪਾਕਿਸਤਾਨ ਨੇ 236 ਐੱਸ. ਐੱਚ.-15 ਦੀ ਸਪਲਾਈ ਲਈ ਚੀਨੀ ਕੰਪਨੀ ਨਾਰਥ ਇੰਡਸਟਰੀਜ਼ ਗਰੁੱਪ ਕਾਰਪੋਰੇਸ਼ਨ ਲਿਮਟਿਡ (ਨੋਰਿਨਕੋ) ਨਾਲ ਇਕਰਾਰਨਾਮਾ ਕੀਤਾ ਸੀ। ਇਨ੍ਹਾਂ ਨੂੰ ‘ਸ਼ੂਟ ਐਂਡ ਸਕੂਟ’ ਤੋਪਖਾਨੇ ਦੇ ਹਥਿਆਰ ਵਜੋਂ ਜਾਣਿਆ ਜਾਂਦਾ ਹੈ।ਲੰਡਨ ਸਥਿਤ ਜੇਨਸ ਡਿਫੈਂਸ ਮੈਗਜ਼ੀਨ ਮੁਤਾਬਕ ਪਹਿਲਾ ਬੈਚ ਜਨਵਰੀ 2022 ’ਚ ਡਲਿਵਰ ਕੀਤਾ ਜਾਣਾ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਫਾਰਵਰਡ ਪੋਸਟਾਂ ’ਤੇ ਪੀ. ਐੱਲ. ਏ. ਦੇ ਅਧਿਕਾਰੀਆਂ ਦੀ ਮੌਜੂਦਗੀ ਨਹੀਂ ਪਾਈ ਗਈ, ਜਿਵੇਂ ਕਿ 2014 ਵਿਚ ਪਤਾ ਲੱਗਾ ਸੀ ਪਰ ਕੁਝ ਫੜ੍ਹੇ ਗਏ ਸੁਨੇਹਿਆਂ ਨੇ ਦਿਖਾਇਆ ਕਿ ਚੀਨੀ ਸੈਨਿਕ ਅਤੇ ਇੰਜੀਨੀਅਰ ਐੱਲ. ਓ. ਸੀ. ’ਤੇ ਜ਼ਮੀਨਦੋਜ਼ ਬੰਕਰਾਂ ਦੀ ਉਸਾਰੀ ਸਮੇਤ ਬੁਨਿਆਦੀ ਢਾਂਚਾ ਸਥਾਪਿਤ ਕਰ ਰਹੇ ਸਨ। ਸੂਤਰਾਂ ਨੇ ਕਿਹਾ ਕਿ ਫੌਜ ਨੇ ਅਧਿਕਾਰਤ ਤੌਰ ’ਤੇ ਇਸ ਮੁੱਦੇ ’ਤੇ ਚੁੱਪੀ ਧਾਰੀ ਹੋਈ ਹੈ ਪਰ ਖੁਫੀਆ ਏਜੰਸੀਆਂ ਨੂੰ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਚੀਨੀ ਅਧਿਐਨ ਦੇ ਪ੍ਰੋਫੈਸਰ ਅਤੇ ਚੀਨ ਪ੍ਰਤੀ ਭਾਰਤੀ ਨੀਤੀ ਬਾਰੇ ਇਕ ਥਿੰਕ ਟੈਂਕ ਦਾ ਹਿੱਸਾ ਸ਼੍ਰੀਕਾਂਤ ਕੋਂਡਾਪੱਲੀ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਹਥਿਆਰਾਂ ਦਾ ਤਬਾਦਲਾ ਖੇਤਰ ਵਿਚ ਚੀਨ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੀ ਯੋਜਨਾ ਦਾ ਹਿੱਸਾ ਹੈ।


DIsha

Content Editor

Related News