ਯੁੱਧ ਦੀ ਤਿਆਰੀ ''ਚ ਚੀਨ, ਕੇਂਦਰ ਦੱਸੇ ਨਜਿੱਠਣ ਲਈ ਬਣਾਈ ਕੀ ਰਣਨੀਤੀ : ਮਨੀਸ਼ ਤਿਵਾੜੀ

Tuesday, Dec 20, 2022 - 11:25 AM (IST)

ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਟਕਰਾਅ ਦਾ ਮੁੱਦਾ ਅਜੇ ਵੀ ਗਰਮਾਇਆ ਹੋਇਆ ਹੈ। ਕਾਂਗਰਸ ਚਾਹੁੰਦੀ ਹੈ ਕਿ ਸਰਕਾਰ ਇਸ ਮਾਮਲੇ 'ਤੇ ਖੁੱਲ੍ਹ ਕੇ ਚਰਚਾ ਕਰੇ। ਉੱਥੇ ਹੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਪਿਛਲੇ ਦਿਨੀਂ ਲੋਕ ਸਭਾ 'ਚ ਸਵਾਲ ਕੀਤਾ ਕਿ ਕੀ ਸਰਕਾਰ ਨਿਆਂਪਾਲਿਕਾ ਨਾਲ ਟਕਰਾਅ ਦੀ ਜ਼ਮਾਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉੱਥੇ ਹੀ ਹਾਲ ਹੀ 'ਚ ਤਿਵਾੜੀ ਨੇ Rediff.com ਦੇ ਸੀਨੀਅਰ ਯੋਗਦਾਨਕਰਤਾ ਰਸ਼ਮੀ ਸਹਿਗਲ ਨਾਲ ਗੱਲਬਾਤ 'ਚ ਕਿਹਾ ਕਿ ਸਰਕਾਰ ਨੇ ਅਜੇ ਚੀਨੀਆਂ 'ਤੇ ਦਬਾਅ ਬਣਾਉਣ ਦੀ ਰਣਨੀਤੀ ਨਹੀਂ ਸੋਚੀ ਹੈ। ਉਨ੍ਹਾਂ ਕਿਹਾ ਕਿ ਚੀਨ ਯੁੱਧ ਦੀ ਪੂਰੀ ਤਿਆਰੀ 'ਚ ਹੈ ਅਤੇ ਆਪਣਾ ਸਾਜੋ-ਸਾਮਾਨ ਜੁਟਾ ਰਿਹਾ ਹੈ। ਤਿਵਾੜੀ ਨੇ ਕਿਹਾ ਕਿ ਪਿਛਲੇ ਦਿਨੀਂ ਤਸਵੀਰਾਂ ਵੀ ਆਈਆਂ ਸਨ ਕਿ ਚੀਨ ਨੇ ਪੂਰਾ ਪਿੰਡ ਵਸਾ ਲਿਆ ਹੈ ਪਰ ਕੇਂਦਰ ਨੇ ਉਦੋਂ ਵੀ ਕੋਈ ਐਕਸ਼ਨ ਨਹੀਂ ਲਿਆ। ਤਿਵਾੜੀ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਇਕ ਕਾਰਜਪ੍ਰਣਾਲੀ ਲੱਭਣ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਅਪਰਾਧਾਂ ਨਾਲ ਸਮੇਂ-ਸਮੇਂ 'ਤੇ ਨਜਿੱਠਣ ਦੀ ਬਜਾਏ ਇਕ ਢਾਂਚਾਗਤ ਤਰੀਕੇ ਨਾਲ ਨਜਿੱਠਣ ਦੀ ਜ਼ਰੂਰਤ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਮੈਂ ਚੀਨੀ ਕਬਜ਼ੇ ਦੇ ਮੁੱਦੇ 'ਤੇ ਚਰਚਾ ਕਰਨ ਲਈ 7 ਦਸੰਬਰ ਤੋਂ ਸੰਸਦ 'ਚ 8 ਮੁਲਤਵੀ ਪ੍ਰਸਤਾਵ ਪੇਸ਼ ਕੀਤੇ ਹਨ, ਜਿਸ ਦਿਨ ਸਰਦ ਰੁੱਤ ਸੈਸ਼ਨ ਲਈ ਸੰਸਦ ਬੁਲਾਈ ਗਈ ਸੀ। ਇੱਥੇ ਤੱਕ ਮੈਂ ਚਰਚਾ ਲਈ ਨਿਯਮ 193 ਦੀ ਵੀ ਅਪੀਲ ਕੀਤੀ ਅਤੇ 2020 ਤੋਂ ਪੂਰੇ ਮਾਮਲੇ 'ਤੇ ਧਿਆਨ ਆਕਰਸ਼ਨ ਦੀ ਸੂਚਨਾ ਦਿੱਤੀ।


DIsha

Content Editor

Related News