''ਚੀਨ ਨੇ ਅਰੁਣਾਚਲ ''ਚ 4.5 ਕਿਲੋਮੀਟਰ ਅੰਦਰ ਭਾਰਤੀ ਜ਼ਮੀਨ ''ਤੇ ਵਸਾਇਆ ਪਿੰਡ''

1/19/2021 12:21:54 PM

ਨਵੀਂ ਦਿੱਲੀ- ਚੀਨ ਨੇ ਭੂਟਾਨ ਪਿੱਛੋਂ ਹੁਣ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਹੱਦ ਅੰਦਰ ਇਕ ਪਿੰਡ ਵਸਾ ਲਿਆ ਹੈ। ਇਸ ਪਿੰਡ 'ਚ ਲਗਭਗ 101 ਘਰ ਵੀ ਬਣਾਏ ਗਏ ਹਨ। ਇਹ ਪਿੰਡ ਅਰੁਣਾਚਲ ਪ੍ਰਦੇਸ਼ ਵਿਚ ਅਸਰ ਕੰਟਰੋਲ ਰੇਖਾ ਤੋਂ ਲਗਭਗ 4.5 ਕਿਲੋਮੀਟਰ ਅੰਦਰ ਵੱਲ ਹੈ। ਇਸ ਪਿੰਡ ਨੂੰ ਤਸਾਰੀ ਚੂ ਪਿੰਡ ਦੇ ਅੰਦਰ ਹੀ ਵਸਾਇਆ ਗਿਆ ਹੈ। ਇਹ ਪਿੰਡ ਅਰੁਣਾਚਲ ਪ੍ਰਦੇਸ਼ ਦੇ ਉਪਰਲੇ ਜ਼ਿਲ੍ਹੇ ਸੁਬਨਸਿਰੀ ਵਿਖੇ ਸਥਿਤ ਹੈ। ਚੀਨ ਦਾ ਇਹ ਪਿੰਡ ਭਾਰਤ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ।

ਇਕ ਟੀ.ਵੀ. ਚੈਨਲ ਦੀ ਰਿਪੋਰਟ ਅਨੁਸਾਰ ਸੁਬਨਸਿਰੀ ਜ਼ਿਲ੍ਹਾ ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਵਾਦ-ਵਿਵਾਦ ਦਾ ਕੇਂਦਰ ਰਿਹਾ ਹੈ। ਇਸ ਨੂੰ ਲੈ ਕੇ ਹਥਿਆਰਬੰਦ ਸੰਘਰਸ਼ ਵੀ ਹੋ ਚੁੱਕਿਆ ਹੈ। ਰਿਪੋਰਟ ਵਿਚ ਸੈਟੇਲਾਈਟ ਤਸਵੀਰਾਂ ਨੂੰ ਕਈ ਮਾਹਰਾਂ ਨੂੰ ਵਿਖਾਇਆ ਗਿਆ ਹੈ। ਉਨ੍ਹਾਂ ਇਸ ਚੀਨੀ ਪਿੰਡ ਦੇ ਹੋਣ ਦੀ ਪੁਸ਼ਟੀ ਕੀਤੀ ਹੈ। ਚੀਨ ਨੇ ਇਸ ਪਿੰਡ ਦਾ ਅਜਿਹੇ ਸਮੇਂ ਨਿਰਮਾਣ ਕੀਤਾ ਹੈ, ਜਦੋਂ ਪੱਛਮੀ ਸੈਕਟਰ ਸਥਿਤ ਲੱਦਾਖ ਵਿਖੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮਣੇ-ਸਾਹਮਣੇ ਹਨ। ਤਾਜ਼ਾ ਸੈਟੇਲਾਈਟ ਇਮੇਜ਼ ਇਕ ਨਵੰਬਰ 2020 ਦਾ ਹੈ, ਜਿਸ 'ਚ ਉਕਤ ਪਿੰਡ ਨਜ਼ਰ ਆ ਰਿਹਾ ਹੈ। ਇਸ ਤੋਂ ਇਕ ਸਾਲ ਪਹਿਲਾਂ ਹੀ ਤਸਵੀਰ ਵਿਚ ਉਕਤ ਪਿੰਡ ਨਜ਼ਰ ਨਹੀਂ ਆਉਂਦਾ। ਮੰਨਿਆ ਜਾਂਦਾ ਹੈ ਕਿ ਚੀਨ ਨੇ ਇਹ ਪਿੰਡ ਇਕ ਸਾਲ ਅੰਦਰ ਹੀ ਵਸਾਇਆ ਹੈ।

ਦੂਜੇ ਪਾਸੇ ਭਾਜਪਾ ਨੇ ਐੱਮ.ਪੀ. ਸੁਬਰਾਮਣੀਅਮ ਸਵਾਮੀ ਚੀਨ ਵਲੋਂ ਭਾਰਤੀ ਜ਼ਮੀਨ 'ਤੇ ਕਬਜ਼ਾ ਕਰਨ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕਰਨਗੇ। ਸਵਾਮੀ ਨੇ ਸੋਮਵਾਰ ਨੂੰ ਟਵੀਟ ਕੀਤਾ,''ਇਹ ਮੰਨਣਾ ਵੱਡੀ ਗਲਤੀ ਹੋਵੇਗੀ ਕਿ ਚੀਨ ਨੇ ਲੱਦਾਖ ਅਤੇ ਅਰੁਣਾਚਲ ਵਿਚ ਭਾਰਤੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਇਸ ਦੀ 2 ਸੂਬਿਆਂ ਦੇ ਲੋਕਾਂ ਵਲੋਂ ਚੁਣੇ ਗਏ ਭਾਜਪਾ ਦੇ ਸੰਸਦ ਮੈਂਬਰਾਂ ਨੇ ਵੀ ਪੁਸ਼ਟੀ ਕੀਤੀ ਹੈ। ਜਦੋਂ ਮੌਕਾ ਆਏਗਾ ਤਾਂ ਮੈਂ ਰਾਜਨਾਥ ਸਿੰਘ ਨਾਲ ਗੱਲਬਾਤ ਕਰਾਂਗਾ। ਵਿਦੇਸ਼ ਮੰਤਰਾਲਾ ਸਿਰਫ਼ ਇੰਨਾ ਹੀ ਕਹੇਗਾ ਕਿ ਅਸੀਂ ਖਿਚਾਅ ਘਟਾਉਣ ਲਈ ਗੱਲਬਾਤ ਕਰ ਰਹੇ ਹਾਂ। ਇਸ ਦਾ ਕੀ ਮਤਲਬ ਹੈ?

ਵਿਦੇਸ਼ ਮੰਤਰਾਲਾ ਨੇ ਕਿਹਾ- ਚੀਨ ਦੀ ਹਰ ਹਰਕਤ 'ਤੇ ਭਾਰਤ ਦੀ ਨਜ਼ਰ
ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਸਰਕਾਰ ਨੇ ਸਰਹੱਦੀ ਇਲਾਕਿਆਂ 'ਚ ਚੀਨ ਦੀਆਂ ਨਿਰਮਾਣ ਸਰਗਰਮੀਆਂ ਬਾਰੇ ਰਿਪੋਰਟ ਵੇਖੀ ਹੈ। ਸਰਕਾਰ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਨ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਸਭ ਸਰਹੱਦੀ ਇਲਾਕਿਆਂ 'ਚ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਮੂਲ ਢਾਂਚੇ ਵਿਕਸਿਤ ਕਰਨ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha