ਚੀਨ ਦੇ ਪ੍ਰਧਾਨ ਮੰਤਰੀ ਨੇ ਅਟਲ ਜੀ ਨੂੰ ਦੱਸਿਆ ''ਸ਼ਾਨਦਾਰ ਸਿਆਸਤਦਾਨ''

08/21/2018 11:03:32 AM

ਬੀਜਿੰਗ/ਨਵੀਂ ਦਿੱਲੀ (ਬਿਊਰੋ)— ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਨੂੰ 'ਸ਼ਾਨਦਾਰ ਸਿਆਸਤਦਾਨ' ਦੱਸਿਆ ਹੈ। ਕੇਕਿਯਾਂਗ ਨੇ ਉਨ੍ਹਾਂ ਦੀਆਂ ਭਾਰਤ-ਚੀਨ ਸੰਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਹੈ। 17 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਸੋਗ ਪੱਤਰ ਵਿਚ ਕੇਕਿਯਾਂਗ ਨੇ ਵਾਜਪਾਈ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸੋਮਵਾਰ ਨੂੰ ਭਾਰਤੀ ਦੂਤਘਰ ਨੇ ਅਨੁਵਾਦ ਦੇ ਬਾਅਦ ਟਵੀਟ ਦੇ ਮਾਧਿਅਮ ਨਾਲ ਇਸ ਪੱਤਰ ਨੂੰ ਸਾਂਝਾ ਕੀਤਾ।

ਪੱਤਰ ਵਿਚ ਚੀਨ ਦੇ ਪ੍ਰਧਾਨ ਮੰਤਰੀ ਕੇਕਿਯਾਂਗ ਨੇ ਕਿਹਾ ਕਿ ਆਪਣੇ ਦੇਸ਼ ਅਤੇ ਸਰਕਾਰ ਵੱਲੋਂ ਮੈਂ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਕੇਕਿਯਾਂਗ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਲਗਾ ਦਿੱਤਾ। ਵਾਜਪਾਈ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਸਾਲ 2003 ਵਿਚ ਉਨ੍ਹਾਂ ਦੀ ਚੀਨ ਯਾਤਰਾ ਦਾ ਜ਼ਿਕਰ ਕਰਦਿਆਂ ਕੇਕਿਯਾਂਗ ਨੇ ਕਿਹਾ ਕਿ ਭਾਰਤ-ਚੀਨ ਸੰਬੰਧਾਂ ਦੀ ਬਿਹਤਰੀ ਲਈ ਵੀ ਉਨ੍ਹਾਂ ਨੇ ਅਸਧਾਰਨ ਕੰਮ ਕੀਤਾ। ਇੱਥੇ ਦੱਸਣਯੋਗ ਹੈ ਕਿ ਇਸ ਯਾਤਰਾ ਦੇ ਬਾਅਦ ਹੀ ਦੋਵੇਂ ਦੇਸ਼ ਸਰੱਹਦੀ ਵਿਵਾਦ ਖਤਮ ਕਰਨ ਲਈ ਵਿਸ਼ੇਸ਼ ਪ੍ਰਤੀਨਿਧੀ ਪ੍ਰਣਾਲੀ ਬਣਾਉਣ 'ਤੇ ਸਹਿਮਤ ਹੋਏ ਸਨ।


Related News