ਬੇਟਿਆਂ ਨੂੰ ਸ੍ਰੀ ਰਾਮ ਕੋਲੋਂ ਲੈਣੀ ਚਾਹੀਦੀ ਹੈ ਸਿੱਖਿਆ: ਵਿਜੇ ਚੋਪੜਾ
Friday, Oct 11, 2019 - 02:49 PM (IST)

ਨਵੀਂ ਦਿੱਲੀ-ਭਗਵਾਨ ਸ੍ਰੀ ਰਾਮ ਜੀ ਨੂੰ ਐਵੇਂ ਹੀ ਮਰਿਆਦਾ ਪੁਰਸ਼ੋਤਮ ਨਹੀਂ ਕਿਹਾ ਜਾਂਦਾ। ਉਨ੍ਹਾਂ ਆਪਣੇ ਪਿਤਾ ਦੇ ਕਹਿਣ ’ਤੇ ਬਿਨਾਂ ਕੁਝ ਸੋਚੇ 14 ਸਾਲ ਲਈ ਘਰ ਛੱਡ ਦਿੱਤਾ। ਉਹ ਜੰਗਲ ’ਚ ਚਲੇ ਗਏ। ਅੱਜ ਦੇ ਹਾਲਾਤ ਠੀਕ ਨਹੀਂ ਹਨ। ਅੱਜ ਬੇਟੇ ਪਿਤਾ ਅਤੇ ਪਰਿਵਾਰ ਨੂੰ ਛੱਡ ਕੇ ਦੂਜੇ ਦੇਸ਼ਾਂ ’ਚ ਚਲੇ ਜਾਂਦੇ ਹਨ। ਬੇਟਿਆਂ ਨੂੰ ਭਗਵਾਨ ਸ੍ਰੀ ਰਾਮ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਪਿਤਾ ਦਾ ਸਤਿਕਾਰ ਕਰਨ ਦਾ ਸੰਸਕਾਰ ਆਚਰਨ ’ਚ ਉਤਾਰਨਾ ਚਾਹੀਦਾ ਹੈ। ਇਹ ਸ਼ਬਦ ਪੰਜਾਬ ਕੇਸਰੀ ਗਰੁੱਪ ਦੇ ਚੇਅਰਮੈਨ ਸ਼੍ਰੀ ਵਿਜੇ ਚੋਪੜਾ ਨੇ ਕਹੇ। ਉਹ 15 ਅਗਸਤ ਮੈਦਾਨ, ਲਾਲ ਕਿਲਾ ਵਿਖੇ ਆਯੋਜਿਤ ਲਵ-ਕੁਸ਼ ਰਾਮ ਲੀਲਾ ’ਚ ਬੁੱਧਵਾਰ ਰਾਮ ਰਾਜਯਭਿਸ਼ੇਕ ਦੇ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਲੀਲਾ ਦੇ ਮੰਚ ’ਤੇ ਸ੍ਰੀ ਰਾਮ ਦਰਬਾਰ ਦਾ ਤਿਲਕ ਕਰਨ ਦੇ ਨਾਲ ਹੀ ਸ਼੍ਰੀ ਵਿਜੇ ਚੋਪੜਾ ਨੇ ਆਰਤੀ ਵੀ ਉਤਾਰੀ। ਇਸ ਮੌਕੇ ਉਨ੍ਹਾਂ ਪੰਜਾਬ ਦਾ ਜ਼ਿਕਰ ਕਰਦਿਆ ਕਿਹਾ ਕਿ ਉੱਥੇ ਬੇਟੇ ਵਿਦੇਸ਼ਾਂ ’ਚ ਚਲੇ ਜਾਂਦੇ ਹਨ ਅਤੇ ਆਪਣੇ ਪਰਿਵਾਰ ਦੀ ਕੋਈ ਚਿੰਤਾ ਨਹੀਂ ਕਰਦੇ। ਵੱਡੀ ਗਿਣਤੀ ’ਚ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਉਡੀਕ ’ਚ ਬੈਠੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੇ ਪਤੀ ਵਿਦੇਸ਼ਾਂ ਤੋਂ ਵਾਪਸ ਨਹੀਂ ਆ ਰਹੇ ਹਨ। ਅਜਿਹੀ ਹਾਲਤ ’ਚ ਜ਼ਰੂਰੀ ਹੈ ਕਿ ਅੱਜ ਦੀ ਪੀੜ੍ਹੀ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਨੂੰ ਸਮਝੇ ਅਤੇ ਉਸ ਨੂੰ ਆਪਣੀ ਜ਼ਿੰਦਗੀ ’ਚ ਉਤਾਰੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਰਾਮ ਲੀਲਾ ਵਿਖੇ ਪਹੁੰਚ ਕੇ ਰਾਮ ਦਰਬਾਰ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਇੱਛਾ 88 ਸਾਲ ਦੀ ਉਮਰ ’ਚ ਪੂਰੀ ਹੋਈ ਹੈ।
ਇਸ ਮੌਕੇ ਸ਼੍ਰੀ ਵਿਜੇ ਚੋਪੜਾ ਨੇ ਲੀਲਾ ’ਚ ਸਰਗਰਮ ਰੂਪ ’ਚ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਲੀਲਾ ਮੰਚਨ ’ਚ ਸਾਊਂਡ ਦਾ ਪ੍ਰਬੰਧ ਦੇਖਣ ਵਾਲੇ, ਲਾਈਟ ਨੂੰ ਸੰਚਾਲਿਤ ਕਰਨ ਵਾਲੇ, ਐਂਬੂਲੈਂਸ ਵਿਖੇ ਤਾਇਨਾਤ ਮੁਲਾਜ਼ਮਾਂ ਅਤੇ ਸਵੈਮ ਸੇਵਕਾਂ ਨੂੰ ਵਿਸ਼ੇਸ਼ ਤੌਰ ’ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨ੍ਰਿਤ ਆਦਿ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਵੀ ਉਨ੍ਹਾਂ ਸਨਮਾਨਿਤ ਕੀਤਾ। ਇਸ ਮੌਕੇ ਲੀਲਾ ਕਮੇਟੀ ਦੇ ਮੁਖੀ ਅਸ਼ੋਕ ਅਗਰਵਾਲ, ਮੰਤਰੀ ਅਰਜੁਨ ਕੁਮਾਰ, ਸੰਨੀ ਸ਼ਰਮਾ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਅਤੇ ਲੀਲਾ ’ਚ ਮੰਚਨ ਕਰਨ ਵਾਲੇ ਕਲਾਕਾਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।