ਖਤਰੇ ''ਚ ਬੱਚਿਆਂ ਦਾ ਭਵਿੱਖ, ਸਿੱਖਿਆ ਅਧਿਕਾਰੀਆਂ ਨੂੰ ਨਹੀਂ ਕੋਈ ਚਿੰਤਾ
Tuesday, Mar 13, 2018 - 04:21 PM (IST)

ਰੇਵਾੜੀ — 20 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨੇ 99 ਗੈਰ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਪਰ ਹੁਣ ਤੱਕ ਵਿਭਾਗ ਨੇ ਸਿਰਫ ਤਿੰਨ ਸਕੂਲਾਂ 'ਤੇ ਹੀ ਕਾਰਵਾਈ ਕੀਤੀ ਹੈ।
ਦਰਅਸਲ 20 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਪੰਕਜ ਨੇ ਰੇਵਾੜੀ ਜ਼ਿਲੇ 'ਚ ਚੱਲ ਰਹੇ 99 ਗੈਰ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਸਖਤ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਨੂੰ ਬੰਦ ਕਰਵਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਵਾਪਰੇ, ਇਸ ਲਈ ਜ਼ਿਲਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਵਿਚ ਕ੍ਰਿਮੀਨਲ ਪ੍ਰੋਸੀਜ਼ਰ ਕੋਡ 1973 ਦੀ ਧਾਰਾ 22 ਅਤੇ 23 ਦੇ ਤਹਿਤ ਤਾਕਤਾਂ ਦੀ ਵਰਤੋਂ ਕਰਕੇ 5 ਡਿਊਟੀ ਮੈਜਿਸਟ੍ਰੇਟਾਂ ਦੀ ਨਿਯੁਕਤੀ ਕੀਤੀ ਸੀ।
ਹੁਣ ਇਲਾਕੇ ਦੇ ਲੋਕ ਉਲਝਣ ਵਿਚ ਹਨ ਕਿ ਜਿਨ੍ਹਾਂ ਸਕੂਲਾਂ ਦੇ ਨਾਂ ਆ ਰਹੇ ਹਨ ਉਨ੍ਹਾਂ ਸਕੂਲਾਂ ਵਿਚ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਜਾਂ ਨਹੀਂ। ਕਿਉਂਕਿ ਵਿਭਾਗ ਨੇ ਹੁਣ ਤੱਕ 3 ਸਕੂਲਾਂ ਨੂੰ ਛੱਡ ਕੇ ਬਾਕੀ ਸਕੂਲਾਂ 'ਤੇ ਕਾਰਵਾਈ ਤਾਂ ਦੂਰ ਉਨ੍ਹਾਂ ਸਕੂਲਾਂ ਵੱਲ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ। ਹੁਣ ਇਹ ਚਰਚਾ ਹੈ ਕਿ ਸਿਆਸੀ ਦਬਾਅ ਹੋਣ ਕਾਰਨ ਹੀ ਇਨ੍ਹਾਂ ਸਕੂਲਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਜ਼ਿਕਰਯੋਗ ਹੈ ਕਿ ਗੈਰ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿਚ ਨਰਸਰੀ ਤੋਂ 5ਵੀਂ, 8ਵੀਂ, ਯੂ.ਕੇ.ਜੀ., ਪ੍ਰੀ ਨਰਸਰੀ, ਨਰਸਰੀ ਤੱਕ ਦੇ 99 ਸਕੂਲ ਸ਼ਾਮਲ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਨ੍ਹਾਂ ਆਦੇਸ਼ਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰਦਾ ਹੈ ਜਾਂ ਫਿਰ ਕਿਸੇ ਸਿਆਸੀ ਦਬਾਅ ਦੇ ਕਾਰਨ ਇਹ ਆਦੇਸ਼ ਵੀ ਭਾਈ ਭਤੀਜਾਵਾਦ ਦੀ ਖੇਡ ਬਣ ਕੇ ਰਹਿ ਜਾਵੇਗਾ।