ਸੂਬਾ ਸਰਕਾਰਾਂ ਦੇ ਹਵਾਲੇ ਹੋਵੇਗੀ ਚਾਈਲਡਲਾਈਨ : ਸਮ੍ਰਿਤੀ ਇਰਾਨੀ
Monday, Jul 10, 2023 - 02:26 PM (IST)
ਭੋਪਾਲ (ਭਾਸ਼ਾ)- ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਐਤਵਾਰ ਨੂੰ ਕਿਹਾ ਕਿ ਹੁਣ ਪੂਰੇ ਦੇਸ਼ ’ਚ ਚਾਈਲਡਲਾਈਨ ਨੂੰ ਸੂਬਿਆਂ ਦੀਆਂ ਸਰਕਾਰਾਂ ਦੇ ਹਵਾਲੇ ਕੀਤਾ ਜਾਵੇਗਾ, ਤਾਂ ਕਿ ਮੁਸੀਬਤ ਦੇ ਸਮੇਂ ਫੋਨ ਕਰ ਕੇ ਅਪੀਲ ਕਰਨ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਦਾ ਸਥਾਨਕ ਪ੍ਰਸ਼ਾਸਨ ਤੁਰੰਤ ਹੱਲ ਕਰ ਸਕੇ। ਮੰਤਰੀ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵੱਲੋਂ ਭੋਪਾਲ ਦੇ ਰਵਿੰਦਰ ਭਵਨ ’ਚ ਬਾਲ ਹਿਫਾਜ਼ਤ, ਸੁਰੱਖਿਆ ਅਤੇ ਕਲਿਆਣ ’ਤੇ ਆਯੋਜਿਤ ‘ਵਤਸਲ ਭਾਰਤ’ ਖੇਤਰੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।
ਚਾਈਲਡਲਾਈਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੀ ਇਕ ਸੇਵਾ ਹੈ, ਜੋ 26 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਹੈ। ਚਾਈਲਡਲਾਈਨ 1098 ਭਾਰਤ ਦੇ ਗੈਰ-ਸਰਕਾਰੀ ਸੰਗਠਨ ਚਾਈਲਡਲਾਈਨ ਇੰਡੀਆ ਫਾਊਂਡੇਸ਼ਨ ਵੱਲੋਂ ਸੰਚਾਲਿਤ ਟੈਲੀਫੋਨ ਸਹਾਇਤਾ ਸੇਵਾ ਹੈ। ਬੱਚਿਆਂ ਦੇ ਹਿਤਾਂ ਦੀ ਰੱਖਿਆ ਲਈ 7 ਦਿਨ 24 ਘੰਟੇ ਚੱਲਣ ਵਾਲੀ ਇਹ ਭਾਰਤ ਦੀ ਪਹਿਲੀ ਮੁਫ਼ਤ ਟੈਲੀਫੋਨ ਸੇਵਾ ਹੈ, ਜੋ ਯਤੀਮ ਅਤੇ ਨਿਰ-ਆਸ਼ਰਿਤ ਬੱਚਿਆਂ ਦੀ ਸਹਾਇਤਾ ਕਰਦੀ ਹੈ।