ਚਾਈਲਡ ਪੋਰਨੋਗ੍ਰਾਫੀ ਵਿਰੁੱਧ ਕੌਮਾਂਤਰੀ ਪੱਧਰ ‘ਤੇ ਦੇਸ਼ਾਂ ਨੂੰ ਇਕਜੁਟ ਕਰਨ PM : ਸੰਸਦੀ ਕਮੇਟੀ

01/25/2020 6:01:09 PM

ਨਵੀਂ ਦਿੱਲੀ— ਇੰਟਰਨੈੱਟ ਰਾਹੀਂ ਅਸ਼ਲੀਲਤਾ ਖਾਸ ਕਰ ਕੇ ਸੋਸ਼ਲ ਮੀਡੀਆ ‘ਤੇ ਚਾਈਲਡ ਪੋਰਨੋਗ੍ਰਾਫੀ ਦੇ ਵੱਡੀ ਪੱਧਰ ‘ਤੇ ਪਸਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਰਾਜ ਸਭਾ ਦੇ ਮੈਂਬਰਾਂ ਦੀ ਇਕ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਈਲਡ ਪੋਰਨੋਗ੍ਰਾਫੀ ਵਿਰੁੱਧ ਵੱਖ-ਵੱਖ ਦੇਸ਼ਾਂ ਨੂੰ ਕੌਮਾਂਤਰੀ ਸੌਰ ਗਠਜੋੜ ਦੀ ਤਰਜ਼ ‘ਤੇ ਇਕਜੁਟ ਕਰਨ ਦਾ ਸੁਝਾਅ ਦਿੱਤਾ ਹੈ। ਰਾਜ ਸਭਾ ‘ਚ ਕਾਂਗਰਸ ਦੇ ਮੈਂਬਰ ਜੈਰਾਮ ਰਮੇਸ਼ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਸ਼ਨੀਵਾਰ ਚੇਅਰਮੈਨ ਵੈਂਕਈਆ ਨਾਇਡੂ ਨੂੰ ਆਪਣੀ ਰਿਪੋਰਟ ਸੌਂਪੀ।

ਉੱਪ ਰਾਸ਼ਟਰਪਤੀ ਦੇ ਦਫਤਰ ਨੇ ਟਵੀਟ ਕਰ ਕੇ ਦੱਸਿਆ ਕਿ ਰਮੇਸ਼ ਸਮੇਤ ਕਮੇਟੀ ਦੇ ਹੋਰਨਾਂ ਮੈਂਬਰਾਂ ਨੂੰ ਸੋਸ਼ਲ ਮੀਡੀਆ ‘ਤੇ ਚਾਈਲਡ ਪੋਰਨੋਗ੍ਰਾਫੀ ਦੇ ਪ੍ਰਸਾਰ ਅਤੇ ਇਸ ਕਾਰਨ ਬੱਚਿਆਂ ‘ਤੇ ਪੈਣ ਵਾਲੇ ਮਾੜੇ ਅਸਰ ਨੂੰ ਰੋਕਣ ਦੇ ਉਪਾਵਾਂ ਨਾਲ ਜੁੜੀ ਇਕ ਰਿਪੋਰਟ ਨਾਇਡੂ ਨੂੰ ਸੌਂਪੀ। ਕਮੇਟੀ ਨੇ ਰਿਪੋਰਟ ‘ਚ ਪ੍ਰਧਾਨ ਮੰਤਰੀ ਨੂੰ ਇਸ ਸਮੱਸਿਆ ਦਾ ਗੰਭੀਰਤਾ ਨਾਲ ਨੋਟਿਸ ਲੈਣ ਦੀ ਬੇਨਤੀ ਕੀਤੀ, ਨਾਲ ਹੀ ਇਸ ਨੂੰ ਪ੍ਰੋਗਰਾਮ ‘ਮਨ ਕੀ ਬਾਤ‘ ‘ਚ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਗਿਆ ਹੈ ਕਿ ਬਾਲ ਪੋਰਨੋਗ੍ਰਾਫੀ ਵਿਰੁੱਧ ਕੌਮਾਂਤਰੀ ਪੱਧਰ ‘ਤੇ ਸਭ ਦੇਸ਼ਾਂ ਨੂੰ ਇਕਜੁਟ ਕੀਤਾ ਜਾਵੇ। ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਇਸ ਦਿਸ਼ਾ ’ਚ ਜੀ-20 ਜਾਂ ਸੰਯੁਕਤ ਰਾਸ਼ਟਰ ਸੰਮੇਲਨ ’ਚ ਪਹਿਲ ਕਰ ਸਕਦੇ ਹਨ। 

ਦੱਸਣਯੋਗ ਹੈ ਕਿ ਰਾਜ ਸਭਾ ਦੇ ਪਿਛਲੇ ਸਾਲ 250ਵੇਂ ਸੈਸ਼ਨ ਦੌਰਾਨ ਉੱਚ ਸਦਨ ’ਚ ਅੰਨਾਦਰਮੁਕ ਦੀ ਮੈਂਬਰ ਐੱਸ. ਵਿਜੀਲਾ ਸੱਤਿਆਨਾਥਨ ਨੇ ਇੰਟਰਨੈੱਟ, ਖਾਸ ਕਰ ਕੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ ਦੀ ਬੱਚਿਆਂ ਤੱਕ ਆਸਾਨ ਪਹੁੰਚ ਦਾ ਮੁੱਦਾ ਚੁੱਕਿਆ ਸੀ। ਇਸ ’ਤੇ ਪੂਰੇ ਸਦਨ ਨੇ ਇਕ ਆਵਾਜ਼ ਨਾਲ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਸਪੀਕਰ ਦੇ ਮਾਧਿਅਮ ਨਾਲ ਸਰਕਾਰ ਤੋਂ ਇਸ ਸੰਬੰਧ ’ਚ ਕਦਮ ਚੁੱਕਣ ਦੀ ਮੰਗ ਕੀਤੀ ਸੀ। ਸਪੀਕਰ ਨੇ ਇਸ ਸਮੱਸਿਆ ਨਾਲ ਨਜਿੱਠਣ ਦੇ ਉਪਾਅ ਸੁਝਾਉਣ ਲਈ ਰਮੇਸ਼ ਦੀ ਅਗਵਾਈ ’ਚ 14 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਇਕ ਮਹੀਨੇ ’ਚ ਰਿਪੋਰਟ ਦੇਣ ਲਈ ਕਿਹਾ ਸੀ। ਕਮੇਟੀ ਨੇ ਆਨਲਾਈਨ ਫਿਲਮ ਪ੍ਰਸਾਰਨ ਕਰਨ ਵਾਲੇ ਨੈੱਟਫਿਲਕਸ ਅਤੇ ਟਵਿੱਟਰ ਤੇ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਬਾਲਗਾਂ ਲਈ ਪ੍ਰਸਾਰਤ ਹੋਣ ਵਾਲੀ ਸਮੱਗਰੀ ਦਾ ਵੱਖ ਸਥਾਨ ਯਕੀਨੀ ਕਰਨ ਦਾ ਸੁਝਾਅ ਵੀ ਦਿੱਤਾ ਹੈ ਤਾਂ ਕਿ ਬੱਚਿਆਂ ਨੂੰ ਇਸ ਦੀ ਪਹੁੰਚ ਤੋਂ ਦੂਰ ਰੱਖਿਆ ਜਾ ਸਕੇ।


DIsha

Content Editor

Related News