ਕਰੰਟ ਕਾਰਨ ਝੁਲਸੇ ਮਾਸੂਮ ਬੱਚੇ ਦੀ ਮੌਤ, ਗਲੀ ’ਚ ਖੇਡਦੇ ਸਮੇਂ ਵਾਪਰਿਆ ਹਾਦਸਾ
Monday, Dec 12, 2022 - 05:32 PM (IST)

ਪਾਨੀਪਤ (ਸਚਿਨ)– ਪਾਨੀਪਤ ਜ਼ਿਲ੍ਹੇ ਦੇ ਹਰੀ ਨਗਰ ’ਚ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਗਲੀ ’ਚ ਖੇਡਦੇ ਸਮੇਂ ਇਕ ਬੱਚਾ ਅਚਾਨਕ ਲੋਹੇ ਦੇ ਖੰਭੇ ਦੀ ਲਪੇਟ ’ਚ ਆ ਗਿਆ। ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ। ਇਸ ਘਟਨਾ ਮਗਰੋਂ ਗੁਆਂਢੀ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਕੇ ਪੁੱਜੇ, ਜਿੱਥੇ ਇਲਾਜ ਦੌਰਾਨ ਬੱਚੇ ਨੇ ਦਮ ਤੋੜ ਦਿੱਤਾ। ਪੁਲਸ ਨੇ ਪਿਤਾ ਦੇ ਬਿਆਨ ਦਰਜ ਕਰ ਕੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਮੁਤਾਬਕ ਬੱਚੇ ਦੇ ਪਿਤਾ ਮੋਹਿਤ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਪਿੰਡ ਅਹਿਮਦਗੜ੍ਹ ਦਾ ਰਹਿਣ ਵਾਲਾ ਹੈ। ਉਹ ਪਿਛਲੇ 5 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਪਾਨੀਪਤ ਵਿਚ ਰਹਿੰਦਾ ਹੈ। ਉਹ ਪੱਲੇਦਾਰੀ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਸ ਦਾ 6 ਸਾਲਾ ਪੁੱਤਰ ਮੋਨੂੰ ਘਰੋਂ ਖੇਡਣ ਲਈ ਨਿਕਲਿਆ ਸੀ ਤਾਂ ਗਲੀ ਵਿਚ ਖੇਡਦੇ ਹੋਏ ਉਹ ਲੋਹੇ ਦੇ ਖੰਭੇ ਦੀ ਲਪੇਟ ਵਿਚ ਆ ਗਿਆ। ਇਲਾਜ ਦੌਰਾਨ ਮੋਨੂੰ ਦੀ ਮੌਤ ਹੋ ਗਈ। ਉਹ ਪਹਿਲੀ ਜਮਾਤ ਦਾ ਵਿਦਿਆਰਥੀ ਸੀ ਅਤੇ ਦੋ ਭੈਣ-ਭਰਾਵਾਂ ਵਿਚੋਂ ਛੋਟਾ ਸੀ। ਹਸਪਤਾਲ ਦੇ ਡਾਕਟਰਾਂ ਵੱਲੋਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ। ਓਧਰ ਲੋਕਾਂ ਨੇ ਬਿਜਲੀ ਨਿਗਮ 'ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ।
ਜਾਂਚ ਅਧਿਕਾਰੀ ਬਲਵਾਨ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਧਾਰਾ 174 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਬਿਜਲੀ ਵਿਭਾਗ ਦੀ ਵੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।