ਚਿਦਾਂਬਰਮ-ਜੈਰਾਮ ਅਲਾਪ ਰਹੇ ਹਨ ਵੱਖ-ਵੱਖ ਰਾਗ
Thursday, Jul 25, 2024 - 05:31 PM (IST)
ਨਵੀਂ ਦਿੱਲੀ- ਬਜਟ ’ਤੇ ਕਾਂਗਰਸ ਕੋਰ ਕਮੇਟੀ ਇਸ ਗੱਲ ਨੂੰ ਲੈ ਕੇ ਉਲਝਨ ’ਚ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਮੋਦੀ ਸਰਕਾਰ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ’ਚ ਦਰਜ ਕਈ ਯੋਜਨਾਵਾਂ ਨੂੰ ਲਾਗੂ ਕਰ ਦਿੱਤਾ ਹੈ।
ਇਕ ਪਾਸੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੀਆਂ ਤਿੰਨ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਨ੍ਹਾਂ ’ਚ ਇੰਟਰਨਸ਼ਿਪ ਸਕੀਮ, ਰੁਜ਼ਗਾਰ ਨਾਲ ਜੁੜਿਆ ਇਨਸੈਂਟਿਵ (ਈ. ਐੱਲ. ਆਈ.) ਅਤੇ ਦੇਸ਼ ’ਚ ਐੱਫ. ਡੀ. ਆਈ. ਦੇ ਪ੍ਰਵਾਹ ਨੂੰ ਵਧਾਉਣ ਵਾਲੇ ਏਂਜਲ ਟੈਕਸ ਨੂੰ ਖਤਮ ਕਰਨਾ ਸ਼ਾਮਲ ਹਨ ਪਰ ਮੀਡੀਆ ਮੁਖੀ ਤੇ ਬੁਲਾਰੇ ਜੈਰਾਮ ਰਮੇਸ਼ ਨੇ ਇਨ੍ਹਾਂ ਯੋਜਨਾਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ।
ਚਿਦਾਂਬਰਮ ਨੇ ‘ਐਕਸ’ ’ਤੇ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਵਿੱਤ ਮੰਤਰੀ ਨੇ ਕਾਂਗਰਸ ਦਾ ਚੋਣ ਮੈਨੀਫੈਸਟੋ ਪੜ੍ਹਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ’ਤੇ ਪੂਰੀ ਤਰ੍ਹਾਂ ਨਾਲ ਮੁਸਲਿਮ ਲੀਗ ਤੇ ਖੱਬੇ ਪੱਖੀਆਂ ਦੀ ਛਾਪ ਹੈ।
ਚਿਦਾਂਬਰਮ ਨੇ ਹੈਰਾਨੀ ਪ੍ਰਗਟਾਈ ਕਿ ਕਿਉਂ ਭਾਜਪਾ ਨੇ ਸਾਡੇ ਚੋਣ ਮੈਨੀਫੈਸਟੋ ਦੇ ਕੁਝ ਨੁਕਤਿਆਂ ਨੂੰ ਹਾਈਜੈਕ ਕਰ ਲਿਆ ਹੈ ਪਰ ਜੈਰਾਮ ਰਮੇਸ਼ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ ਕਿਉਂਕਿ ਉਹ ਹਮੇਸ਼ਾ ਚਿਦਾਂਬਰਮ ਨਾਲ ਝਗੜਾ ਕਰਦੇ ਰਹੇ ਹਨ। ਉਨ੍ਹਾਂ ਇਨ੍ਹਾਂ ਨੁਕਤਿਆਂ ਦਾ ਜ਼ਿਕਰ ਕੀਤੇ ਬਿਨਾਂ ਹੀ ਬਜਟ ਦੀ ਆਲੋਚਨਾ ਕਰ ਦਿੱਤੀ।