ਜ਼ਿੰਦਾ ਹੈ ਅੰਡਰਵਰਲਡ ਡਾਨ ਛੋਟਾ ਰਾਜਨ, ਏਮਜ਼ ਨੇ ਕੀਤਾ ਮੌਤ ਦੀਆਂ ਖ਼ਬਰਾਂ ਦਾ ਖੰਡਨ

05/07/2021 5:18:15 PM

ਨਵੀਂ ਦਿੱਲੀ– ਅੰਡਰਵਰਲਡ ਡਾਨ ਛੋਟਾ ਰਾਜਨ ਦੀ ਮੌਤ ਦੀਆਂ ਖਬਰਾਂ ਦਾ ਦਿੱਲੀ ਏਮਜ਼ ਨੇ ਖੰਡਨ ਕੀਤਾ ਹੈ। ਏਮਜ਼ ਨੇ ਕਿਹਾ ਹੈ ਕਿ ਉਹ ਅਜੇ ਜ਼ਿੰਦਾ ਹੈ ਅਤੇ ਉਸ ਦਾ ਕੋਰੋਨਾ ਲਾਗ ਦਾ ਇਲਾਜ ਚੱਲ ਰਿਹਾ ਹੈ। ਦਰਅਸਲ ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਏਮਜ਼ ’ਚ ਦਾਖਲ ਛੋਟਾ ਰਾਜਨ ਦੀ ਸ਼ੁੱਕਰਵਾਰ ਦੁਪਹਿਰ ਨੂੰ ਮੌਤ ਹੋ ਗਈ। ਇਸ ਤੋਂ ਬਾਅਦ ਏਮਜ਼ ਨੂੰ ਸਥਿਤੀ ਸਪਸ਼ਟ ਕਰਨੀ ਪਈ। 

ਤਿਹਾੜ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਬੰਦ ਗੈਂਗਸਟਰ ਨੂੰ ਕੋਰੋਨਾ ਹੋ ਗਿਆ ਸੀ। ਪਹਿਲਾਂ ਉਸ ਦਾ ਜੇਲ੍ਹ ਹਸਪਤਾਲ ’ਚ ਇਲਾਜ ਚੱਲਿਆ ਪਰ ਹਾਲਤ ਵਿਗੜਣ ਤੋਂ ਬਾਅਦ ਉਸ ਨੂੰ 26 ਅਪ੍ਰੈਲ ਨੂੰ ਏਮਜ਼ ’ਚ ਸ਼ਿਫਟ ਕੀਤਾ ਗਿਆ ਸੀ। 

PunjabKesari

ਨਾਇਰ ਗੈਂਗ ਤੋਂ ਸ਼ੁਰੂ ਹੋਇਆ ਅਪਰਾਧਿਕ ਸਫ਼ਰ
ਛੋਟਾ ਰਾਜਨ ਦਾ ਅਸਲੀ ਨਾਂ ਰਜਿੰਦਰ ਸਦਾਸ਼ਿਵ ਨਿਖਲਜੇ ਸੀ। ਉਸ ਦਾ ਜਨਮ ਮੁੰਬਈ ਦੇ ਚੇਂਬੂਰ ਇਲਾਕੇ ਦੀ ਤਿਲਕ ਨਗਰ ਬਸਤੀ ’ਚ ਹੋਇਆ ਸੀ। ਸਕੂਲ ਛੱਡਣ ਤੋਂ ਬਾਅਦ ਛੋਟਾ ਰਾਜਨ ਮੁੰਬਈ ’ਚ ਫਿਲਮ ਟਿਕਟ ਬਲੈਕ ਕਰਨ ਲੱਗਾ। ਇਸ ਵਿਚਕਾਰ ਉਹ ਰਾਜਨ ਨਾਇਰ ਗੈਂਗ ’ਚ ਸ਼ਾਮਲ ਹੋ ਗਿਆ। ਅੰਡਰਵਰਲਡ ਦੀ ਦੁਨੀਆ ’ਚ ਨਾਇਰ ਨੂੰ ‘ਵੱਡਾ ਰਾਜਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 

ਸਮੇਂ ਦੇ ਨਾਲ ਰਜਿੰਦਰ (ਛੋਟਾ ਰਾਜਨ) ਵੱਡਾ ਰਾਜਨ ਦਾ ਕਰੀਬੀ ਬਣ ਗਿਆ। ਵੱਡਾ ਰਾਜਨ ਦੀ ਮੌਤ ਤੋਂ ਬਾਅਦ ਗੈਂਗ ਦਾ ਸਰਗਨਾ ਰਜਿੰਦਰ (ਛੋਟਾ ਰਾਜਨ) ਬਣ ਗਿਆ। ਛੋਟਾ ਰਾਜਨ ਜਦੋਂ ਫਰਾਰ ਸੀ, ਉਦੋਂ ਉਸ ’ਤੇ ਭਾਰਤ ’ਚ 70 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਸਨ। ਇਹ ਮਾਮਲੇ ਨਾਜਾਇਜ਼ ਵਸੂਲੀ, ਧਮਕੀ, ਕੁੱਟ-ਮਾਰ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਉਸ ’ਤੇ 20 ਤੋਂ ਜ਼ਿਆਦਾ ਲੋਕਾਂ ਦੇ ਕਤਲ ਦਾ ਦੋਸ਼ ਲੱਗਾ। ਉਹ ਪੱਤਰਕਾਰ ਜਯੋਤੀਰਮਯ ਡੇਅ ਦੇ ਕਤਲ ’ਚ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। 

ਦਾਊਦ ਦੀ ਦੋਸਤੀ ਨੇ ਵਧਾਈ ਤਾਕਤ, 1993 ਬਲਾਸਟ ਤੋਂ ਬਾਅਦ ਪਈ ਦੁਸ਼ਮਣੀ
ਰਾਜਨ ਨਾਇਰ ਗੈਂਗ ’ਚ ਕੰਮ ਕਰਦੇ ਹੋਏ ਉਸ ਨੂੰ ਛੋਟਾ ਰਾਜਨ ਬੁਲਾਇਆ ਜਾਣ ਲੱਗਾ। ਇਸੇ ਦੌਰਾਨ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਉਸ ਦੀ ਜਾਣ-ਪਛਾਣ ਹੋਈ। ਦਾਊਦ ਦੇ ਨਾਲ ਆਉਣ ਤੋਂ ਬਾਅਦ ਉਸ ਦਾ ਅਪਰਾਧਿਕ ਗ੍ਰਾਫ ਵਧ ਗਿਆ ਸੀ। ਦੋਵੇਂ ਇਕੱਠੇ ਮਿਲ ਕੇ ਮੁੰਬਈ ’ਚ ਵਸੂਲੀ, ਕਤਲ, ਸਮਗਲਿੰਗ ਵਰਗੇ ਕੰਮ ਕਰਨ ਲੱਗੇ। 1988 ’ਚ ਰਾਜਨ ਦੁਬਈ ਚਲਾ ਗਿਆ। 

ਇਸ ਤੋਂ ਬਾਅਦ ਦਾਊਦ ਅਤੇ ਰਾਜਨ ਦੁਨੀਆ ਭਰ ’ਚ ਗੈਰ-ਕਾਨੂੰਨੀ ਕੰਮ ਕਰਨ ਲੱਗੇ ਪਰ ਬਾਬਰੀ ਕਾਂਡ ਤੋਂ ਬਾਅਦ 1993 ’ਚ ਜਦੋਂ ਮੁੰਬਈ ’ਚ ਸੀਰੀਅਲ ਬੰਬ ਬਲਾਸਟ ਹੋਏ ਤਾਂ ਰਾਜਨ ਨੇ ਆਪਣਾ ਰਸਤਾ ਵੱਖ ਕਰ ਲਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਇਸ ਕਾਂਡ ’ਚ ਦਾਊਦ ਦਾ ਹੱਥ ਹੈ ਤਾਂ ਉਹ ਉਸ ਦਾ ਦੁਸ਼ਮਣ ਬਣ ਗਿਆ। ਉਸ ਨੇ ਖੁਦ ਨੂੰ ਦਾਊਦ ਤੋਂ ਵੱਖ ਕਰਕੇ ਨਵੀਂ ਗੈਂਗ ਬਣਾ ਲਈ। 27 ਸਾਲ ਫਰਾਰ ਰਹਿਣ ਤੋਂ ਬਾਅਦ ਛੋਟਾ ਰਾਜਨ ਨੂੰ ਨਵੰਬਰ 2015 ’ਚ ਇੰਡੋਨੇਸ਼ੀਆ ਤੋਂ ਭਾਰਤ ਲਿਆਇਆ ਗਿਆ ਸੀ। 


Rakesh

Content Editor

Related News