ਰਾਹੁਲ ਗਾਂਧੀ ਨੇ ਨਕਸਲੀਆਂ ਵਿਰੁੱਧ ਆਪਰੇਸ਼ਨ ''ਤੇ ਸਵਾਲ ਕੀਤੇ ਖੜ੍ਹੇ, ਲਗਾਇਆ ਇਹ ਦੋਸ਼
Monday, Apr 05, 2021 - 04:31 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਛੱਤੀਸਗੜ੍ਹ 'ਚ ਨਕਸਲ ਵਿਰੋਧੀ ਮੁਹਿੰਮ ਦੀ ਸਹੀ ਤਰੀਕੇ ਨਾਲ ਤਿਆਰੀ ਨਹੀਂ ਕੀਤੀ ਗਈ ਅਤੇ ਇਸ ਦਾ ਅਮਲ ਵੀ 'ਅਯੋਗਤਾਪੂਰਵਕ' ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ,''ਸਾਡੇ ਜਵਾਨਾਂ ਨੂੰ ਜਦੋਂ ਚਾਹੇ, ਉਦੋਂ ਸ਼ਹੀਦ ਹੋਣ ਲਈ ਨਹੀਂ ਛੱਡਿਆ ਜਾ ਸਕਦਾ।'' ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਅਤੇ ਸੁਕਮਾ ਜ਼ਿਲ੍ਹੇ ਦੀ ਸਰਹੱਦ 'ਤੇ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ ਸੁਰੱਖਿਆ ਫ਼ੋਰਸ ਦੇ 22 ਜਵਾਨ ਸ਼ਹੀਦ ਹੋ ਗਏ ਅਤੇ 31 ਹੋਰ ਜ਼ਖਮੀ ਹੋਏ ਹਨ।
ਰਾਹੁਲ ਗਾਂਧੀ ਨੇ ਸੀ.ਆਰ.ਪੀ.ਐੱਫ. 'ਚ ਜਨਰਲ ਡਾਇਰੈਕਟਰ ਕੁਲਦੀਪ ਸਿੰਘ ਦੇ ਇਕ ਬਿਆਨ ਨਾਲ ਜੁੜੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਜੇਕਰ ਖ਼ੁਫੀਆ ਨਾਕਾਮੀ ਨਹੀਂ ਸੀ ਤਾਂ ਫਿਰ 1:1 ਦੇ ਅਨੁਪਾਤ 'ਚ ਮੌਤ ਦਾ ਮਤਲਬ ਇਹ ਹੈ ਕਿ ਇਸ ਮੁਹਿੰਮ ਦੀ ਯੋਜਨਾ ਨੂੰ ਖ਼ਰਾਬ ਢੰਗ ਨਾਲ ਤਿਆਰ ਕੀਤਾ ਗਿਆ ਅਤੇ ਅਯੋਗਤਾਪੂਰਵਕ ਇਸ ਨੂੰ ਲਾਗੂ ਕੀਤਾ ਗਿਆ।'' ਉਨ੍ਹਾਂ ਨੇ ਇਹ ਵੀ ਕਿਹਾ,''ਕਿਸੇ ਵੀ ਭਾਰਤੀ ਜਵਾਨ ਨੂੰ 21ਵੀਂ ਸਦੀ 'ਚ ਸਰੀਰਕ ਸੁਰੱਖਿਆ ਕਵਚ ਦੇ ਬਿਨਾਂ ਦੁਸ਼ਮਣ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਹ ਹਰ ਫ਼ੌਜੀ ਨੂੰ ਉਪਲੱਬਧ ਕਰਵਾਇਆ ਜਾਣਾ ਚਾਹੀਦਾ।'' ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਸ਼ਹੀਦ ਹੋਏ 22 ਜਵਾਨਾਂ 'ਚ ਸੀ.ਆਰ.ਪੀ.ਐੱਫ. ਦੇ 8 ਜਵਾਨ ਸ਼ਾਮਲ ਹਨ, ਜਿਨ੍ਹਾਂ 'ਚੋਂ 7 ਕੋਬਰਾ ਕਮਾਂਡੋ ਤੋਂ ਜਦੋਂ ਕਿ ਇਕ ਜਵਾਨ ਬਸਤਰੀਆ ਬਟਾਲੀਅਨ ਤੋਂ ਹੈ। ਬਾਕੀ ਡੀ.ਆਰ.ਜੀ. ਅਤੇ ਵਿਸ਼ੇਸ਼ ਕਾਰਜ ਫ਼ੋਰਸ ਦੇ ਜਵਾਨ ਹਨ। ਉਨ੍ਹਾਂ ਕਿਹਾ ਕਿ ਸੀ.ਆਰ.ਪੀ.ਐੱਫ. ਦੇ ਇਕ ਇੰਸਪੈਕਟਰ ਹਾਲੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ : ਨਕਸਲੀ ਹਮਲਾ: ਸ਼ਹੀਦ ਜਵਾਨਾਂ ਨੂੰ ਸਾਡਾ ‘ਨਮਨ’, ਜਿਨ੍ਹਾਂ ਦੇਸ਼ ਦੇ ਲੇਖੇ ਲਾਈ ਜਿੰਦੜੀ