ਨਕਸਲੀਆਂ ਤੱਕ ਪਹੁੰਚੀ ''ਪੈੱਨ ਗੰਨ''

Tuesday, Jul 31, 2018 - 01:14 AM (IST)

ਰਾਏਪੁਰ (ਏਜੰਸੀਆਂ)— ਛੱਤੀਸਗੜ੍ਹ ਦੇ ਬੈਲਾਡੀਲਾ ਦੀ ਪਹਾੜੀ 'ਤੇ ਹੋਏ ਮੁਕਾਬਲੇ ਵਿਚ ਮਾਰੇ ਗਏ ਨਕਸਲੀਆਂ ਕੋਲੋਂ 'ਮੇਡ ਇਨ ਇੰਡੀਆ' ਪੈੱਨ ਗੰਨ ਵੀ ਬਰਾਮਦ ਕੀਤੀ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਪੁਲਸ ਨੇ ਨਕਸਲੀਆਂ ਕੋਲੋਂ ਇਸ ਤਰ੍ਹਾਂ ਦਾ ਹਥਿਆਰ ਬਰਾਮਦ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਕਸਲੀ ਧਮਕੀ ਤੋਂ ਬਾਅਦ ਨਕਸਲੀਆਂ ਤੱਕ ਪੈੱਨ ਗੰਨ ਪਹੁੰਚਣ ਦੇ ਖੁਫੀਆ ਇਨਪੁਟ ਮਿਲਦੇ ਰਹੇ ਹਨ। ਇਸ ਬਰਾਮਦਗੀ ਨੇ ਉਸ ਦੀ ਪੁਸ਼ਟੀ ਕਰ ਦਿੱਤੀ ਹੈ। ਚਿੰਤਾਜਨਕ ਤੱਥ ਇਹ ਵੀ ਹੈ ਕਿ ਇਸ ਤਰ੍ਹਾਂ ਦਾ ਹਥਿਆਰ ਮੇਡ ਇਨ ਇੰਡੀਆ ਹੈ।
ਮੁਕਾਬਲੇ ਵਿਚ ਸ਼ਾਮਲ ਜਵਾਨਾਂ ਦੀ ਮੰਨੀਏ ਤਾਂ ਮੁਕਾਬਲੇ ਦੌਰਾਨ ਨਕਸਲ ਏਰੀਆ ਕਮੇਟੀ ਮੈਂਬਰ ਜੈਨੀ (ਮਹਿਲਾ ਨਕਸਲੀ) ਦੇ ਹੱਥੋਂ ਇੰਸਾਸ ਗੰਨ ਡਿਗ ਪਈ। ਇਸ ਤੋਂ ਬਾਅਦ ਉਸ ਨੇ ਪੈੱਨ ਗੰਨ ਨਾਲ ਫਾਇਰ ਕੀਤੇ। ਪੁਲਸ ਅਧਿਕਾਰੀਆਂ ਮੁਤਾਬਕ 9 ਇੰਚ ਲੰਮੇ ਪਾਈਪ ਨਾਲ ਤਿਆਰ ਪੈੱਨ ਗਨ ਵਿਚ 9 ਐੱਮ. ਐੱਮ. ਦੇ ਕਾਰਤੂਸ ਦੀ ਵਰਤੋਂ ਕੀਤੀ ਗਈ। ਇਹ ਹਥਿਆਰ ਦੇਸ਼ ਵਿਚ ਹੀ ਬਣਿਆ ਹੈ ਪਰ ਇਸ ਨੂੰ ਇੰਨੇ ਤਕਨੀਕੀ ਢੰਗ ਨਾਲ ਬਣਾਇਆ ਗਿਆ ਹੈ ਕਿ ਇਹ ਦੇਸੀ ਕੱਟਾ ਜਾਂ ਪਿਸਟਲ ਤੋਂ ਖਤਰਨਾਕ ਹੈ। ਇਸ ਦੀ ਮਾਰਕ ਸਮਰੱਥਾ 15 ਤੋਂ 20 ਮੀਟਰ ਹੈ।
ਜੈਨੀ ਕੋਲੋਂ ਚਾਰ ਜ਼ਿੰਦਾ ਤੇ ਇਕ ਖਾਲੀ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ ਜਦੋਂਕਿ ਇਕ ਕਾਰਤੂਸ ਪੈੱਨ ਗੰਨ 'ਚ ਫਸਿਆ ਮਿਲਿਆ। ਜਾਣਕਾਰਾਂ ਦੀ ਮੰਨੀਏ ਤਾਂ ਇਹ ਪੈੱਨ ਗੰਨ ਬੱਚਿਆਂ ਦੀ ਖਿਡੌਣੇ ਵਾਲੀ ਬੰਦੂਕ ਨੂੰ ਮੋਡੀਫਾਈ ਕਰਕੇ ਬਣਾਈ ਗਈ ਹੈ।


Related News