ਲਾਪਤਾ ਜਵਾਨ ਦੀ ਤਸਵੀਰ ਜਾਰੀ, ਨਕਸਲੀਆਂ ਨੇ ਕਿਹਾ- ਉਹ ਸਾਡੇ ਕਬਜ਼ੇ ''ਚ ਹੈ
Wednesday, Apr 07, 2021 - 03:34 PM (IST)
ਬੀਜਾਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਅਤੇ ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਪਿਛਲੇ ਦਿਨੀਂ ਹੋਏ ਨਕਸਲੀ ਹਮਲੇ ਤੋਂ ਬਾਅਦ ਲਾਪਤਾ ਇਕ ਜਵਾਨ ਦੀ ਤਸਵੀਰ ਬੁੱਧਵਾਰ ਨੂੰ ਕੁਝ ਸਥਾਨਕ ਪੱਤਰਕਾਰਾਂ ਨੂੰ ਮਿਲੀ ਹੈ। ਨਕਸਲੀਆਂ ਵਲੋਂ ਇਸ ਨੂੰ ਪੱਤਰਕਾਰਾਂ ਤੱਕ ਭੇਜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਨਕਸਲੀਆਂ ਨੇ ਇਸ ਜਵਾਨ ਦੇ ਆਪਣੇ ਕਬਜ਼ੇ 'ਚ ਹੋਣ ਦਾ ਦਾਅਵਾ ਕੀਤਾ ਸੀ। ਸੂਬੇ ਦੇ ਸੁਕਮਾ ਅਤੇ ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਸ਼ਨੀਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਦੇ ਬਾਅਦ ਤੋਂ ਲਾਪਤਾ ਸੀ.ਆਰ.ਪੀ.ਐੱਫ. ਦੇ 210 ਕੋਬਰਾ ਬਟਾਲੀਅਨ ਦੇ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਦੀ ਤਸਵੀਰ ਅੱਜ ਖੇਤਰ ਦੇ ਸਥਾਨਕ ਪੱਤਰਕਾਰਾਂ ਨੂੰ ਮਿਲੀ ਹੈ। ਤਸਵੀਰ 'ਚ ਜਵਾਨ ਇਕ ਝੋਂਪੜੀ 'ਚ ਬੈਠਾ ਹੋਇਆ ਦਿੱਸ ਰਿਹਾ ਹੈ। ਤਸਵੀਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ। ਸੁਕਮਾ ਅਤੇ ਬੀਜਾਪੁਰ ਜ਼ਿਲ੍ਹੇ ਦੇ ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਇਹ ਤਸਵੀਰ ਉਨ੍ਹਾਂ ਨੂੰ ਮਿਲੀ ਹੈ। ਹਾਲਾਂਕਿ ਤਸਵੀਰ 'ਚ ਕਿਸੇ ਵੀ ਮਾਓਵਾਦੀ ਦਾ ਚਿਹਰਾ ਨਹੀਂ ਦਿੱਸ ਰਿਹਾ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਜਵਾਨ ਦੀ ਸੁਰੱਖਿਅਤ ਵਾਪਸੀ ਚਾਹੁੰਦੇ ਹਨ।
ਮੰਗਲਵਾਰ ਨੂੰ ਮਾਓਵਾਦੀਆਂ ਨੇ ਜਵਾਨ ਰਾਕੇਸ਼ਵਰ ਸਿੰਘ ਦੇ ਆਪਣੇ ਕਬਜ਼ੇ 'ਚ ਹੋਣ ਦਾ ਦਾਅਵਾ ਕੀਤਾ ਸੀ। ਨਕਸਲੀਆਂ ਨੇ ਕਥਿਤ ਬਿਆਨ 'ਚ ਕਿਹਾ ਗਿਆ ਸੀ ਕਿ ਸਰਕਾਰ ਪਹਿਲੇ ਵਿਚੋਲਿਆਂ ਦਾ ਐਲਾਨ ਕਰੇ, ਇਸ ਤੋਂ ਬਾਅਦ ਬੰਦੀ ਜਵਾਨ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਉਦੋਂ ਤੱਕ ਉਹ ਸੁਰੱਖਿਅਤ ਰਹੇਗਾ। ਇਸ ਬਿਆਨ 'ਚ ਮਾਓਵਾਦੀਆਂ ਨੇ ਆਪਣੇ ਚਾਰ ਸਾਥੀਆਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਸੀ। ਮਾਓਵਾਦੀਆਂ ਦੇ ਬਿਆਨ ਜਾਰੀ ਹੋਣ ਤੋਂ ਬਾਅਦ ਸੂਬੇ ਦੇ ਪੁਲਸ ਅਧਿਕਾਰੀਆਂ ਨੇ ਕਿਹਾ ਸੀ ਕਿ ਪੁਲਸ ਜਾਰੀ ਪ੍ਰੈੱਸ ਰੀਲੀਜ਼ ਦੀ ਅਸਲੀਅਤ ਦੀ ਜਾਂਚ ਕਰ ਰਹੀ ਹੈ। ਲਾਪਤਾ ਜਵਾਨ ਦੀ ਤਸਵੀਰ ਜਾਰੀ ਹੋਣ ਨੂੰ ਲੈ ਕੇ ਬਸਤਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ ਸੁੰਦਰਰਾਜ ਪੀ ਨੇ ਕਿਹਾ ਹੈ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਤਸਵੀਰ ਲਾਪਤਾ ਜਵਾਨ ਰਾਕੇਸ਼ਵਰ ਸਿੰਘ ਦੀ ਹੈ।
ਇਹ ਵੀ ਪੜ੍ਹੋ : ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ
ਸੁੰਦਰਰਾਜ ਨੇ ਮੰਗਲਵਾਰ ਨੂੰ ਕਿਹਾ ਕਿ 3 ਅਪ੍ਰੈਲ ਨੂੰ ਸੁਕਮਾ ਅਤੇ ਬੀਜਾਪੁਰ ਦੇ ਸਰਹੱਦੀ ਖੇਤਰ ਦੇ ਜੰਗਲ 'ਚ ਹੋਏ ਮੁਕਾਬਲੇ ਦੇ ਬਾਅਦ ਤੋਂ ਬਾਅਦ ਤੋਂ ਹੁਣ ਤੱਕ ਕੋਬਰਾ ਬਟਾਲੀਅਨ ਦੇ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੁੰਦਰਰਾਜ ਨੇ ਦੱਸਿਆ ਕਿ ਲਾਪਤਾ ਜਵਾਨ ਦੀ ਭਾਲ 'ਚ ਮੁਹਿੰਮ ਚਲਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਦੇ 22 ਜਵਾਨ ਸ਼ਹੀਦ ਹੋ ਗਏ ਸਨ ਅਤੇ 31 ਹੋਰ ਜ਼ਖਮੀ ਹੋ ਗਏ। ਉੱਥੇ ਹੀ ਰਾਕੇਸ਼ਵਰ ਸਿੰਘ ਲਾਪਤਾ ਹਨ।
ਇਹ ਵੀ ਪੜ੍ਹੋ : 20 ਸਾਲਾਂ ’ਚ 10 ਹਜ਼ਾਰ ਨਕਸਲੀ ਵਾਰਦਾਤਾਂ, 2021 ’ਚ ਵੱਡੀਆਂ ਵਾਰਦਾਤਾਂ ਦੀ ਧਮਕੀ