ਨਕਸਲੀਆਂ ਨੇ ਮੁਸਾਫ਼ਰਾਂ ਨੂੰ ਉਤਾਰ ਕੇ ਬੱਸ ਨੂੰ ਲਾਈ ਅੱਗ, ਇਕ ਪੁਲ ਵੀ ਉਡਾਇਆ

Sunday, Apr 02, 2023 - 12:07 PM (IST)

ਨਕਸਲੀਆਂ ਨੇ ਮੁਸਾਫ਼ਰਾਂ ਨੂੰ ਉਤਾਰ ਕੇ ਬੱਸ ਨੂੰ ਲਾਈ ਅੱਗ, ਇਕ ਪੁਲ ਵੀ ਉਡਾਇਆ

ਜਗਦਲਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ਵਿਚ ਨਕਸਲੀਆਂ ਨੇ ਇਕ ਪ੍ਰਾਈਵੇਟ ਬੱਸ ਨੂੰ ਸ਼ਨੀਵਾਰ ਨੂੰ ਅੱਗ ਲਾ ਦਿੱਤੀ। ਘਟਨਾ ਵਿਚ ਕਿਸੇ ਯਾਤਰੀ ਦੇ ਝੁਲਸ ਦੀ ਸੂਚਨਾ ਨਹੀਂ ਹੈ। ਦਰਅਸਲ ਨਕਸਲੀਆਂ ਨੇ ਸ਼ਨੀਵਾਰ ਵੱਖ-ਵੱਖ ਘਟਨਾਵਾਂ ’ਚ ਇਕ ਮੁਸਾਫਰ ਬੱਸ ਨੂੰ ਅੱਗ ਲਾ ਦਿੱਤੀ ਤੇ ਇਕ ਪੁਲ ਨੂੰ ਉਡਾ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਾਲੇਵਾਹੀ ਥਾਣਾ ਖੇਤਰ ਦੇ ਅਧੀਨ ਬਾਰਸੂਰ ਅਤੇ ਪੱਲੀ ਮਾਰਗ 'ਤੇ ਨਕਸਲੀਆਂ ਨੇ ਪ੍ਰਾਈਵੇਟ ਬੱਸ ਵਿਚ ਅੱਗ ਲਾ ਦਿੱਤੀ।

ਦੰਤੇਵਾੜਾ ਦੇ ਵਧੀਕ ਪੁਲਸ ਸੁਪਰਡੈਂਟ ਰਾਮ ਕੁਮਾਰ ਬਰਮਨ ਨੇ ਦੱਸਿਆ ਕਿ ਕਰੀਬ 20 ਤੋਂ 25 ਨਕਸਲੀਆਂ ਨੇ ਬਰਸੂਰ ਤੋਂ ਨਰਾਇਣਪੁਰ ਜਾਣ ਵਾਲੀ ਇਕ ਬੱਸ ਨੂੰ ਮਾਲੇਵਾਹੀ ਘੋਟੀਆ ਨੇੜੇ ਰੋਕਿਆ। ਮੁਸਾਫਰਾਂ ਨੂੰ ਉਤਾਰਨ ਪਿੱਛੋਂ ਉਨ੍ਹਾਂ ਬੱਸ ਨੂੰ ਅੱਗ ਲਾ ਦਿੱਤੀ। ਬੱਸ ਦੰਤੇਵਾੜਾ ਵੱਲ ਆ ਰਹੀ ਸੀ। ਨਕਸਲੀਆਂ ਨੇ ਡਰਾਈਵਰ ਨੂੰ ਭੱਵਿਖ ’ਚ ਬਰਸੂਰ ਤੋਂ ਨਰਾਇਣਪੁਰ ਰੋਡ ’ਤੇ ਬੱਸ ਨਾ ਚਲਾਉਣ ਦੀ ਚਿਤਾਵਨੀ ਦਿੱਤੀ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਨਕਸਲੀ ਉੱਥੋਂ ਫਰਾਰ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਗਿਆ ਹੈ। ਘਟਨਾ ਲਈ ਜ਼ਿੰਮੇਵਾਰ ਨਕਸਲੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਉੱਥੇ ਹੀ ਨਕਸਲੀਆਂ ਨੇ ਗੰਗਲੂਰ ਰੋਡ ’ਤੇ ਇਕ ਪੁਲ ਨੂੰ ਧਮਾਕੇ ਨਾਲ ਨੁਕਸਾਨ ਪਹੁੰਚਾਇਆ। ਵੈਸ਼ਨਵ ਅਨੁਸਾਰ ਨਕਸਲੀਆਂ ਨੇ ਜ਼ਿਲਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਗੰਗਲੂਰ ਰੋਡ ’ਤੇ ਕਿਕਲਰ ਨੇੜੇ ਬਣੇ ਪੁਲ ਨੂੰ ਉਡਾ ਦਿੱਤਾ। ਇਸ ਕਾਰਨ 20 ਤੋਂ ਵੱਧ ਪਿੰਡਾਂ ਦਾ ਸੰਪਰਕ ਟੁੱਟ ਗਿਆ।


author

Tanu

Content Editor

Related News