ਬਾਰੂਦੀ ਸੁਰੰਗ ''ਚ ਧਮਾਕਾ, ITBP ਦੇ 2 ਜਵਾਨ ਸ਼ਹੀਦ
Saturday, Oct 19, 2024 - 06:16 PM (IST)
ਨਾਰਾਇਣਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਸ਼ਨੀਵਾਰ ਨੂੰ ਇਕ ਬਾਰੂਦੀ ਸੁਰੰਗ 'ਚ ਧਮਾਕਾ ਕਰ ਦਿੱਤਾ, ਜਿਸ 'ਚ ਭਾਰਤ ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ 2 ਜਵਾਨ ਸ਼ਹੀਦ ਹੋ ਗਏ ਅਤੇ ਜ਼ਿਲ੍ਹਾ ਪੁਲਸ ਦੇ 2 ਜਵਾਨ ਜ਼ਖ਼ਮੀ ਹੋਏ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੋਡਲੀਅਰ ਪਿੰਡ ਦੇ ਨੇੜੇ ਇਕ ਜੰਗਲ 'ਚ ਇਹ ਧਮਾਕਾ ਹੋਇਆ, ਜਿਸ 'ਚ ਆਈ.ਟੀ.ਬੀ.ਪੀ. ਦੀ 53ਵੀਂ ਬਟਾਲੀਅਨ ਦੇ 2 ਜਵਾਨ ਅਮਰ ਪਨਵਾਰ (36) ਅਤੇ ਕੇ. ਰਾਜੇਸ਼ (36) ਸ਼ਹੀਦ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਨਾਰਾਇਣਪੁਰ ਜ਼ਿਲ੍ਹਾ ਪੁਲਸ ਦੇ ਜਵਾਨ ਜ਼ਖ਼ਮੀ ਹੋਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਓਰਛਾ, ਮੋਹੰਦੀ ਅਤੇ ਈਰਕਭੱਟੀ ਪੁਲਸ ਕੰਪਲੈਕਸ ਤੋਂ ਆਈ.ਟੀ.ਬੀ.ਪੀ., ਸਰਹੱਦੀ ਸੁਰੱਖਿਆ ਫ਼ੋਰਸ (ਐੱਸ.ਐੱਸ.ਬੀ.) ਅਤੇ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਸੰਯੁਕਤ ਦਲ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਧੁਰਬੇੜਾ ਪਿੰਡ ਵੱਲ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦਲ ਦੀ ਵਾਪਸੀ ਦੌਰਾਨ ਸ਼ਨੀਵਾਰ ਦੁਪਹਿਰ ਲਗਭਗ 12 ਵਜੇ ਇਕ ਬਾਰੂਦੀ ਸੁਰੰਗ 'ਚ ਧਮਾਕਾ ਹੋਇਆ, ਜਿਸ 'ਚ ਆਈ.ਟੀ.ਬੀ.ਪੀ. ਦੇ 2 ਜਵਾਨ ਅਤੇ ਜ਼ਿਲ੍ਹਾ ਪੁਲਸ ਦੇ 2 ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਕੁਝ ਦੇਰ ਬਾਅਦ ਆਈ.ਟੀ.ਬੀ.ਪੀ. ਦੇ ਜ਼ਖ਼ਮੀ ਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਦੇ ਜ਼ਖ਼ਮੀ 2 ਹੋਰ ਜਵਾਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8