ਘਰ ਪਹੁੰਚਣ ਲਈ 3 ਦਿਨਾਂ ਤੱਕ ਪੈਦਲ ਤੁਰਦੀ ਰਹੀ ਮਾਸੂਮ, 14 ਕਿਲੋਮੀਟਰ ਪਹਿਲਾਂ ਤੋੜਿਆ ਦਮ
Tuesday, Apr 21, 2020 - 01:24 PM (IST)

ਬੀਜਾਪੁਰ- ਛੱਤੀਸਗੜ ਦੇ ਬੀਜਾਪੁਰ 'ਚ ਰਹਿਣ ਵਾਲੀ ਕੁੜੀ ਕਿਸੇ ਤਰਾਂ ਘਰ ਪਹੁੰਚਣਾ ਚਾਹੁੰਦੀ ਸੀ। ਸਿਰਫ਼ 12 ਸਾਲਾ ਕੁੜੀ ਘਰ ਦਾ ਪੇਟ ਪਾਲਣ ਲਈ ਗੁਆਂਢ ਦੇ ਤੇਲੰਗਾਨਾ 'ਚ ਜਾ ਕੇ ਕੰਮ ਕਰਦੀ ਸੀ। ਜਮਲੋ ਨਾਂ ਦੀ ਇਸ ਕੁੜੀ ਨੇ 21 ਦਿਨ ਦਾ ਲਾਕਡਾਊਨ ਤਾਂ ਕਿਸੇ ਤਰਾਂ ਬਰਦਾਸ਼ਤ ਕਰ ਲਿਆ ਪਰ ਜਦੋਂ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਤਾਂ ਸਬਰ ਜਵਾਬ ਦੇ ਗਿਆ। ਕੰਮ ਨਾ ਹੋਣ ਕਾਰਨ ਉਸ ਨੇ ਘਰ ਜਾਣ ਦੀ ਸੋਚੀ। 150 ਕਿਲੋਮੀਟਰ ਦੀ ਦੂਰ ਦਾ ਰਸਤਾ ਉਸ ਨੇ ਪੈਦਲ ਤੈਅ ਕਰਨਾ ਸ਼ੁਰੂ ਕੀਤਾ। 3 ਦਿਨਾਂ ਤੱਕ ਉਹ ਤੁਰਦੀ ਹੀ ਰਹੀ। ਪਿੰਡ ਅੱਧੇ ਘੰਟੇ ਦੀ ਦੂਰੀ 'ਤੇ ਹੀ ਸੀ ਕਿ ਜਮਲੋ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ। ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਉਸ ਦੇ ਸਾਥੀ ਦੱਸਦੇ ਹਨ ਕਿ ਉਸ ਦਾ ਪੇਟ ਦਰਦ ਹੋ ਰਿਹਾ ਸੀ ਪਰ ਉਹ ਤੁਰਦੀ ਰਹੀ।
ਸਿਰਫ਼ 14 ਕਿਲੋਮੀਟਰ ਦੂਰ ਰਹਿ ਗਿਆ ਸੀ ਘਰ
ਜਦੋਂ ਪਤਾ ਲੱਗਾ ਕਿ ਲਾਕਡਾਊਨ ਅੱਗੇ ਵਧੇਗਾ, ਉਦੋਂ ਜਮਲੋ ਅਤੇ ਉਸ ਨਾਲ ਮਿਰਚ ਦੇ ਖੇਤਾਂ 'ਚ ਕਰਨ ਵਾਲੇ 11 ਹੋਰ ਲੋਕ ਪੈਦਲ ਹੀ ਨਿਕਲ ਪਏ। ਇਹ ਸਾਰੇ ਹਾਈਵੇਅ ਛੱਡ ਜੰਗਲ ਦੇ ਰਸਤੇ ਨਿਕਲੇ, ਕਿਉਂਕਿ ਉਹ ਛੋਟਾ ਪੈਂਦਾ ਹੈ। ਰਸਤੇ 'ਚ ਜਮਲੋ ਖਾਣਾ ਵੀ ਠੀਕ ਤਰਾਂ ਨਹੀਂ ਖਾ ਰਹੀ ਸੀ। ਕਈ ਵਾਰ ਉਲਟੀਆਂ ਕੀਤੀਆਂ। ਜਮਲੋ ਦਾ ਘਰ ਸਿਰਫ਼ 14 ਕਿਲੋਮੀਟਰ ਦੂਰ ਰਹਿ ਗਿਆ ਸੀ, ਜਦੋਂ ਉਸ ਨੂੰ ਪੇਟ 'ਚ ਭਿਆਨਕ ਦਰਦ ਉਠਿਆ। ਦੇਖਦੇ ਹੀ ਦੇਖਦੇ ਉਸ ਨੇ ਦਮ ਤੋੜ ਦਿੱਤਾ। ਆਖਰਕਾਰ ਜਮਲੋ ਘਰ ਤਾਂ ਪਹੁੰਚੀ ਪਰ ਜਿਉਂਦੀ ਨਹੀਂ। ਇਕ ਐਂਬੂਲੈਂਸ ਉਸ ਦੀ ਲਾਸ਼ ਲੈ ਕੇ ਪਿੰਡ ਆਈ। ਜਮਲੋ ਦੇ ਪਿਤਾ ਦਾ ਕਹਿਣਾ ਹੈ ਕਿ ਉਹ 2 ਮਹੀਨੇ ਤੋਂ ਤੇਲੰਗਾਨਾ 'ਚ ਕੰਮ ਕਰ ਰਹੀ ਸੀ। ਮਾਮਲੇ ਦੀ ਭਣਕ ਲੱਗਦੇ ਹੀ ਰਾਜ ਸਰਕਾਰ ਨੇ ਜਮਲੋ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।