ਡੇਢ ਸਾਲਾ ਮਾਸੂਮ ਨੂੰ ਸਿਗਰਟ ਨਾਲ ਸਾੜਨ ਵਾਲਾ ਹੈਵਾਨ ਪੁਲਸ ਮੁਲਾਜ਼ਮ ਗ੍ਰਿਫਤਾਰ
Saturday, Oct 31, 2020 - 07:51 PM (IST)
ਨਵੀਂ ਦਿੱਲੀ - ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ 'ਚ ਡੇਢ ਸਾਲਾ ਇੱਕ ਮਾਸੂਮ ਬੱਚੀ ਨੂੰ ਸਿਗਰਟ ਨਾਲ ਦਾਗਣ ਅਤੇ ਉਸਦੀ ਮਾਂ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ੀ ਪੁਲਸ ਮੁਲਾਜ਼ਮ ਨੂੰ ਛੱਤੀਸਗੜ੍ਹ ਪੁਲਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਲੋਦ ਐੱਸ.ਪੀ. ਜਿਤੇਂਦਰ ਸਿੰਘ ਮੀਣਾ ਨੇ ਦੱਸਿਆ ਕਿ ਦੋਸ਼ੀ ਪੁਲਸ ਮੁਲਾਜ਼ਮ ਵੀਰਵਾਰ ਦੀ ਰਾਤ ਅਪਰਾਧ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਨੂੰ ਗੁਆਂਢੀ ਜ਼ਿਲ੍ਹੇ ਦੁਰਗ ਦੇ ਭਿਲਾਈ ਸ਼ਹਿਰ ਤੋਂ ਸਵੇਰੇ ਫੜ੍ਹਿਆ ਗਿਆ।
ਇਹ ਵੀ ਪੜ੍ਹੋ: 4 ਸਾਲਾ ਬੱਚੀ ਨੇ ਏ.ਆਰ. ਰਹਿਮਾਨ ਦੇ ਅੰਦਾਜ 'ਚ ਵੰਦੇ ਮਾਤਰਮ ਗਾ ਕੇ ਜਿੱਤਿਆ ਲੋਕਾਂ ਦਾ ਦਿਲ
ਪੁਲਸ ਮੁਤਾਬਕ ਬਾਲੋਦ ਜ਼ਿਲ੍ਹੇ 'ਚ ਪੋਸਟਿੰਗ ਦੌਰਾਨ ਦੋਸ਼ੀ ਅਵਿਨਾਸ਼ ਰਾਏ ਬਾਲੋਦ ਪੁਲਸ ਥਾਣਾ ਖੇਤਰ ਦੇ ਸਿਵਨੀ ਇਲਾਕੇ 'ਚ ਪੀੜਤਾ ਦੇ ਘਰ ਰਹਿੰਦਾ ਸੀ ਅਤੇ ਇੱਕ ਮਹੀਨੇ ਪਹਿਲਾਂ ਉਸ ਦਾ ਦੁਰਗ ਜ਼ਿਲ੍ਹੇ 'ਚ ਟਰਾਂਸਫਰ ਹੋ ਗਿਆ ਸੀ। ਦੋਸ਼ੀ ਪੁਲਸ ਕਾਨਸਟੇਬਲ ਅਵਿਨਾਸ਼ ਰਾਏ ਨੇ ਪੀੜਤ ਜਨਾਨੀ ਨੂੰ ਕੁੱਝ ਪੈਸਾ ਉਧਾਰ ਦੇ ਰੱਖਿਆ ਸੀ ਅਤੇ ਪਿਛਲੇ 24 ਅਕਤੂਬਰ ਨੂੰ ਉਹ ਉਧਾਰ ਦੀ ਰਕਮ ਵਾਪਸ ਲੈਣ ਲਈ ਉਸਦੇ ਘਰ ਗਿਆ ਅਤੇ ਉਥੇ ਹੀ ਉਸਦੇ ਘਰ 'ਤੇ ਰੁੱਕ ਗਿਆ, ਜਦੋਂ ਕਿ ਪੀੜਿਤਾ ਦਾ ਪਤੀ ਨਾਗਪੁਰ 'ਚ ਰਹਿੰਦਾ ਹੈ।
ਇਹ ਵੀ ਪੜ੍ਹੋ: 'ਅੱਲ੍ਹਾ ਖ਼ਿਲਾਫ਼ ਗੁਸਤਾਖੀ ਭਰੀ ਹਰਕਤ ਕੀਤੀ, ਸਿਰ ਕਲਮ ਕਰ ਦਿਆਂਗੇ'
ਰਿਪੋਰਟ ਮੁਤਾਬਕ ਵੀਰਵਾਰ ਦੀ ਰਾਤ ਦੋਸ਼ੀ ਅਵਿਨਾਸ਼ ਰਾਏ ਨੇ ਕਥਿਤ ਤੌਰ 'ਤੇ ਬੱਚੇ ਨੂੰ ਪਾਪਾ ਕਹਿਣ ਲਈ ਮਜਬੂਰ ਕੀਤਾ ਅਤੇ ਜਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਹੈਵਾਨੀਅਤ 'ਤੇ ਉੱਤਰ ਆਇਆ ਅਤੇ ਉਸ ਨੇ ਸਿਗਰਟ ਨਾਲ ਮਾਸੂਮ ਦੇ ਚਿਹਰੇ, ਢਿੱਡ ਅਤੇ ਹੱਥ ਸਮੇਤ ਕਈ ਥਾਵਾਂ ਨੂੰ ਦਾਗਿਆ, ਜਿਸ ਨਾਲ ਮਾਸੂਮ ਬੁਰੀ ਤਰ੍ਹਾਂ ਸੜ ਗਈ। ਦੋਸ਼ੀ ਪੁਲਸ ਮੁਲਾਜ਼ਮ ਨੇ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਜਨਾਨੀ ਦੀ ਕਥਿਤ ਰੂਪ ਨਾਲ ਕੁਟਮਾਰ ਕੀਤੀ ਅਤੇ ਗਾਲ੍ਹਾ ਵੀ ਕੱਢੀਆਂ।
ਐੱਸ.ਪੀ. ਮੀਣਾ ਨੇ ਦੱਸਿਆ ਕਿ ਜਨਾਨੀ ਦੀ ਸ਼ਿਕਾਇਤ 'ਤੇ IPC ਦੀ ਧਾਰਾ 294, 323 ਅਤੇ 324 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀ ਕਾਨਸਟੇਬਲ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।