ਛੱਤੀਸਗੜ੍ਹ ''ਚ ਇਕ ਜੂਨ ਤੋਂ ਘਰ ਤੋਂ ਹੋਣਗੀਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ
Sunday, May 23, 2021 - 06:50 PM (IST)
ਰਾਏਪੁਰ- ਛੱਤੀਸਗੜ੍ਹ ਸੈਕੰਡਰੀ ਸਿੱਖਿਆ ਬੋਰਡ ਇਕ ਜੂਨ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾਏਗਾ, ਜਿਸ 'ਚ ਵਿਦਿਆਰਥੀਆਂ ਨੂੰ ਚੁਣੇ ਹੋਏ ਕੇਂਦਰਾਂ ਤੋਂ ਪ੍ਰਸ਼ਨ ਪੱਤਰ ਲੈਣੇ, ਉਨ੍ਹਾਂ ਦੇ ਘਰ ਲਿਜਾਉਣ ਅਤੇ 5 ਦਿਨਾਂ ਅੰਦਰ ਉੱਤਰ ਪੁਸਤਿਕਾ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਬੋਰਡ ਦੇ ਸਕੱਤਰ ਵੀ.ਕੇ. ਗੋਇਲ ਵਲੋਂ ਸ਼ਨੀਵਾਰ ਦੇਰ ਸ਼ਾਮ ਜਾਰੀ ਇਕ ਆਦੇਸ਼ ਅਨੁਸਾਰ, ਬੋਰਡ ਨੇ ਕੋਰੋਨਾ ਮਹਾਮਾਰੀ ਅਤੇ ਸੂਬੇ ਦੇ 2.86 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਤਰੀਕੇ ਨਾਲ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਆਦੇਸ਼ 'ਚ ਕਿਹਾ ਗਿਆ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚੁਣੇ ਹੋਏ ਕੇਂਦਰਾਂ ਤੋਂ ਪ੍ਰਸ਼ਨ ਪੱਤਰ ਅਤੇ ਖਾਲੀ ਉੱਤਰ ਪੁਸਤਿਕਾ ਲੈਣ ਲਈ ਇਕ ਜੂਨ ਤੋਂ 5 ਜੂਨ ਤੱਕ 5 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਉਹ ਇਨ੍ਹਾਂ 5 ਦਿਨਾਂ 'ਚੋਂ ਕਿਸੇ ਵੀ ਦਿਨ ਪ੍ਰਸ਼ਨ ਪੱਤਰ ਲੈ ਸਕਦੇ ਹਨ।
ਇਸ 'ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਲੈਣ ਦੀ ਤਾਰੀਖ਼ ਤੋਂ 5 ਦਿਨਾਂ ਅੰਦਰ ਆਪਣੇ-ਆਪਣੇ ਕੇਂਦਰਾਂ 'ਤੇ ਉੱਤਰ ਪੁਸਤਿਕਾ ਜਮ੍ਹਾ ਕਰਵਾਉਣੀ ਹੋਵੇਗੀ। ਜੋ ਤੈਅ ਸਮੇਂ ਅੰਦਰ ਉੱਤਰ ਪੁਸਤਿਕਾ ਜਮ੍ਹਾ ਨਹੀਂ ਕਰਵਾ ਸਕਣਗੇ, ਉਨ੍ਹਾਂ ਨੂੰ ਗੈਰ-ਹਾਜ਼ਰ ਮੰਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉੱਤਰ ਪੁਸਤਿਕਾ ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਜਮ੍ਹਾ ਕਰਵਾਈ ਜਾ ਸਕਦੀ ਹੈ। ਵਿਦਿਆਰਥੀਆਂ ਨੂੰ ਸਿਰਫ਼ ਆਪਣੇ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਜਿਆਂ ਦੀ ਮਦਦ ਲੈਣ ਦੀ ਬਜਾਏ ਖ਼ੁਦ ਤੋਂ ਜਵਾਬ ਲਿਖਣੇ ਚਾਹੀਦੇ ਹਨ।