ਸਕੂਲ ਵੈਨ ਨਦੀ ''ਚ ਡਿੱਗੀ, 15 ਬੱਚੇ ਸਨ ਸਵਾਰ

Wednesday, Oct 23, 2024 - 02:44 PM (IST)

ਜਾਂਜਗੀਰ- ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ 'ਚ ਸਕੂਲ ਵੈਨ ਨਦੀ ਵਿਚ ਡਿੱਗਣ ਕਾਰਨ ਉਸ 'ਚ ਸਵਾਰ ਦੋ ਬੱਚੇ ਜ਼ਖ਼ਮੀ ਹੋ ਗਏ ਹਨ।  ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਸੌਦ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਪਿਸੌਦ ਨੇੜੇ ਇਕ ਨਿੱਜੀ ਸਕੂਲ ਦੀ ਵੈਨ ਨਦੀ 'ਚ ਡਿੱਗ ਗਈ। ਇਸ ਘਟਨਾ 'ਚ ਦੋ ਬੱਚੇ ਜ਼ਖਮੀ ਹੋ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਦੇ ਹੈਪੀ ਪਬਲਿਕ ਸਕੂਲ ਦੇ 15 ਬੱਚੇ ਸਵੇਰੇ 8 ਵਜੇ ਦੇ ਕਰੀਬ ਇਕ ਵੈਨ 'ਚ ਸਕੂਲ ਲਈ ਰਵਾਨਾ ਹੋਏ ਸਨ। ਵੈਨ 'ਚ ਨਰਸਰੀ ਤੋਂ 5ਵੀਂ ਜਮਾਤ ਤੱਕ ਪੜ੍ਹਨ ਵਾਲੇ ਬੱਚੇ ਸਵਾਰ ਸਨ। ਇਸ ਦੌਰਾਨ ਡਰਾਈਵਰ ਨੇ ਮੁੱਖ ਸੜਕ ਛੱਡ ਕੇ ਵੈਨ ਨੂੰ ਬੈਰਾਜ ਵਿਚ ਬਣੀ ਤੰਗ ਸੜਕ ’ਤੇ ਚੜ੍ਹਾ ਦਿੱਤਾ ਅਤੇ ਵੈਨ ਬੇਕਾਬੂ ਹੋ ਕੇ ਸੋਨ ਨਦੀ ਦੇ ਸਟਾਪ ਡੈਮ ਵਿਚ ਜਾ ਡਿੱਗੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਥੇ ਨਹਾ ਰਹੇ ਪਿੰਡ ਵਾਸੀਆਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਵਾਹਨ ਚਾਲਕ ਦੀ ਮਦਦ ਨਾਲ ਬੱਚਿਆਂ ਨੂੰ ਬਾਹਰ ਕੱਢਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਸ ਘਟਨਾ 'ਚ ਦੋ ਬੱਚੇ ਜ਼ਖਮੀ ਹੋ ਗਏ ਹਨ। ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੋਰ 13 ਬੱਚਿਆਂ ਨੂੰ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਵੈਨ ਦਾ ਸਟੇਅਰਿੰਗ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਜਾਂਚ ਤੋਂ ਬਾਅਦ ਹੀ ਮਿਲੇਗੀ।


Tanu

Content Editor

Related News