ਛੱਤੀਸਗੜ੍ਹ: ਸੁਕਮਾ ''ਚ ਨਕਸਲੀਆਂ ਨਾਲ ਮੁਕਾਬਲੇ ''ਚ 3 ਪੁਲਸ ਮੁਲਾਜ਼ਮ ਸ਼ਹੀਦ
Saturday, Feb 25, 2023 - 04:09 PM (IST)
ਰਾਏਪੁਰ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ 'ਚ ਇਕ ਸਹਾਇਕ ਸਬ-ਇੰਸਪੈਕਟਰ (ASI) ਸਮੇਤ ਤਿੰਨ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੇ ਜਵਾਨ ਸ਼ਹੀਦ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।
ਬਸਤਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਡੀ. ਆਰ. ਜੀ ਦੇ ਸਹਾਇਕ ਸਬ-ਇੰਸਪੈਕਟਰ ਰਾਮੂਰਾਮ ਨਾਗ (36), ਕਾਂਸਟੇਬਲ ਕੁੰਜਰਾਮ ਜੋਗਾ (33) ਅਤੇ ਵੰਜਮ ਭੀਮ (31) ਸ਼ਹੀਦ ਹੋ ਗਏ। ਇਹ ਜਗਰਗੁੰਡਾ ਅਤੇ ਕੁੰਡਰ ਪਿੰਡਾਂ ਵਿਚਕਾਰ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲੇ 'ਚ ਸ਼ਹੀਦ ਹੋ ਗਏ। ਸੁੰਦਰਰਾਜ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਗਰਗੁੰਡਾ ਥਾਣੇ ਤੋਂ ਡੀ. ਆਰ. ਜੀ ਟੀਮ ਨੂੰ ਗਸ਼ਤ 'ਤੇ ਭੇਜਿਆ ਗਿਆ ਸੀ। ਨਕਸਲੀਆਂ ਨੇ ਪੁਲਸ ਪਾਰਟੀ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਇਹ ਸਵੇਰੇ 9 ਵਜੇ ਜਗਰਗੁੰਡਾ ਅਤੇ ਕੁੰਦੇੜ ਪਿੰਡ ਦੇ ਵਿਚਕਾਰ ਸੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀਆਂ ਦੀ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਮੌਕੇ 'ਤੇ ਵਾਧੂ ਸੁਰੱਖਿਆ ਬਲ ਭੇਜ ਕੇ ਸ਼ਹੀਦ ਪੁਲਸ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਜਗਰਗੁੰਡਾ ਵਿਖੇ ਲਿਆਂਦੀਆਂ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਮੰਗੀ ਜਾ ਰਹੀ ਹੈ। ਇਲਾਕੇ 'ਚ ਨਕਸਲੀਆਂ ਖਿਲਾਫ ਮੁਹਿੰਮ ਜਾਰੀ ਹੈ।