ਚੇਤੰਨਿਆਨੰਦ ਸਰਸਵਤੀ ਨੇ 2 ਮਹੀਨੇੇ ਫਰਾਰ ਰਹਿਣ ਦੌਰਾਨ ਬਦਲੇ 15 ਹੋਟਲ, 2 ਪਾਸਪੋਰਟ

Tuesday, Sep 30, 2025 - 10:22 AM (IST)

ਚੇਤੰਨਿਆਨੰਦ ਸਰਸਵਤੀ ਨੇ 2 ਮਹੀਨੇੇ ਫਰਾਰ ਰਹਿਣ ਦੌਰਾਨ ਬਦਲੇ 15 ਹੋਟਲ, 2 ਪਾਸਪੋਰਟ

ਨੈਸ਼ਨਲ ਡੈਸਕ : ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਐਂਡ ਰਿਸਰਚ ਵਿਖੇ ਹੋਏ ਕਥਿਤ ਜਿਨਸੀ ਸ਼ੋਸ਼ਣ  ਦੇ  ਮਾਮਲੇ ’ਚ ਗ੍ਰਿਫਤਾਰ ਸਵਾਮੀ ਚੇਤੰਨਿਆਨੰਦ ਸਰਸਵਤੀ ਉਰਫ ਪਾਰਥ ਸਾਰਥੀ ਪੁਲਸ ਨੂੰ ਗੁਮਰਾਹ ਕਰਨ ਲਈ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਫਰਾਰ ਰਹਿਣ ਦੌਰਾਨ 50 ਦਿਨਾਂ ਵਿਚ ਉਸਨੇ 15 ਹੋਟਲ ਬਦਲੇ। ਜਾਣਕਾਰੀ ਮੁਤਾਬਕ ਚੇਤੰਨਿਆਨੰਦ ਪੁਲਸ ਤੋਂ ਬਚਣ ਲਈ ਬਿਨਾਂ ਸੀ. ਸੀ. ਟੀ. ਵੀ. ਕੈਮਰਿਆਂ ਵਾਲੇ ਸਸਤੇ ਹੋਟਲਾਂ ਵਿਚ ਰੁਕਦਾ ਸੀ। ਇਸ ਕੰਮ ਵਿਚ ਉਸਦੇ ਸਹਿਯੋਗੀ ਉਸਦੀ ਮਦਦ ਕਰਦੇ ਸਨ। ਉਹ ਉਸਦੇ ਲਈ ਹੋਟਲ ਚੁਣਦੇ ਸਨ। ਪੁਲਸ ਇਨ੍ਹਾਂ ਸਹਿਯੋਗੀਆਂ ਦੀ ਵੀ ਭਾਲ ਕਰ ਰਹੀ ਹੈ। ਮੁਲਜ਼ਮ ਕੋਲੋਂ 2 ਪਾਸਪੋਰਟ ਮਿਲੇ।  ਇਕ ਸਵਾਮੀ ਪਾਰਥ ਸਾਰਥੀ ਤੇ ਦੂਜਾ  ਸਵਾਮੀ ਚੇਤੰਨਿਆਨੰਦ ਸਰਸਵਤੀ ਦੇ ਨਾਂ ’ਤੇ ਸੀ। ਦੋਵੇਂ ਪਾਸਪੋਰਟ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਣਾਏ ਗਏ ਸਨ। ਪਹਿਲੇ ਪਾਸਪੋਰਟ ਵਿਚ ਪਿਤਾ ਦਾ ਨਾਂ ਸਵਾਮੀ ਘਨਾਨੰਦ ਪੁਰੀ ਅਤੇ ਮਾਂ ਦਾ ਨਾਂ ਸ਼ਾਰਦਾ ਅੰਬਾ ਦਰਜ ਸੀ। ਦੂਜੇ ਪਾਸਪੋਰਟ ਵਿਚ ਪਿਤਾ ਦਾ ਨਾਂ ਸਵਾਮੀ ਦਯਾਨੰਦ ਸਰਸਵਤੀ ਅਤੇ ਮਾਂ ਦਾ ਨਾਂ ਸ਼ਾਰਦਾ ਅੰਬਲ ਦਰਜ ਸੀ।
ਚੇਤੰਨਿਆਨੰਦ ਨੂੰ ਸੰਸਥਾਨ ਲੈ ਕੇ ਪਹੁੰਚੀ ਪੁਲਸ, ਕ੍ਰਾਈਮ ਸੀਨ ਕੀਤਾ ਰੀਕ੍ਰਿਏਟ
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਹੋਏ ਸਵਾਮੀ ਚੇਤੰਨਿਆਨੰਦ ਸਰਸਵਤੀ ਨੂੰ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਸੋਮਵਾਰ ਨੂੰ ਰਾਜਧਾਨੀ ’ਚ ਸ਼੍ਰੀ ਸ਼ਾਰਦਾ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਰਿਸਰਚ ਲਿਜਾਇਆ ਗਿਆ। ਇਸ ਕੜੀ ਵਿਚ ਦਿੱਲੀ ਪੁਲਸ ਦੀ ਟੀਮ ਉਨ੍ਹਾਂ ਨੂੰ ਲੈ ਕੇ ਉਸ ਨਿੱਜੀ ਪ੍ਰਬੰਧਨ ਸੰਸਥਾਨ ਪਹੁੰਚੀ, ਜਿਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਥੇ ਪੁਲਸ ਅਤੇ ਉਨ੍ਹਾਂ ਦੀ ਮੌਜੂਦਗੀ ਵਿਚ ਕ੍ਰਾਈਮ ਸੀਨ ਰੀਕ੍ਰਿਏਟ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਚੇਤੰਨਿਆਨੰਦ ਦਾ ਸਬੂਤਾਂ ਤੇ ਗਵਾਹਾਂ ਨਾਲ ਆਹਮਣਾ-ਸਾਹਮਣਾ ਕਰਵਾਇਆ ਜਾਵੇਗਾ।
ਅਦਾਲਤ ਉਸਨੂੰ ਪਹਿਲਾਂ ਹੀ 5 ਦਿਨ ਦੀ ਪੁਲਸ ਹਿਰਾਸਤ ਵਿਚ ਸੌਂਪ ਚੁੱਕੀ ਹੈ। ਪੁਲਸ ਨੇ ਉਸਦੀ ਹਿਰਾਸਤ ਦੀ ਮਿਆਦ ਲਈ ਇਕ ਵਿਸਤ੍ਰਿਤ ਯੋਜਨਾ ਤਿਆਰ ਕਰ ਕੇ ਅਦਾਲਤ ਵਿਚ ਪੇਸ਼ ਕੀਤੀ ਸੀ। ਸੰਸਥਾਨ ਦਾ ਦੌਰਾ ਇਸੇ ਯੋਜਨਾ ਦਾ ਇਕ ਹਿੱਸਾ ਹੈ। ਇਸ ਵਿਚ ਉਨ੍ਹਾਂ ਸਥਾਨਾਂ ਦੀ ਪਛਾਣ ਕੀਤੀ ਜਾਏਗੀ ਜਿਥੇ ਛੇੜਛਾੜ ਦੀਆਂ ਕਥਿਤ ਘਟਨਾਵਾਂ ਵਾਪਰੀਆਂ ਹੋਈਆਂ ਸਨ। ਅਧਿਕਾਰੀ ਨੇ ਦੱਸਿਆ ਕਿ ਉਸ ਕੋਲੋਂ ਦਫ਼ਤਰ ਅਤੇ ਹੋਸਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਬਾਰੇ ਪੱੁਛਿਆ ਗਿਆ। ਹੋਸਟਲ ਦੇ ਬਾਥਰੂਮਾਂ ਦੇ ਬਾਹਰ ਵੀ ਸੀ. ਸੀ. ਟੀੇ. ਵੀ. ਕੈਮਰੇ ਸਨ, ਜਿਨ੍ਹਾਂ ਦੀ ਫੁਟੇਜ ਸਿੱਧੀ ਉਸਦੇ ਬਰਾਮਦ ਮੋਬਾਈਲ ਫੋਨਾਂ ਵਿਚੋਂ ਇਕ ’ਤੇ ਦੇਖੀ ਜਾ ਸਕਦੀ ਸੀ।

ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਿਹਾ ਚੇਤੰਨਿਆਨੰਦ

ਦਿੱਲੀ ਪੁਲਸ ਸੂਤਰਾਂ ਮੁਤਾਬਕ, ਮੁਲਜ਼ਮ ਚੇਤੰਨਿਆਨੰਦ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਪੁਲਸ ਸਟੇਸ਼ਨ ਵਿਚ ਵੱਖ-ਵੱਖ ਅਧਿਕਾਰੀਆਂ ਨੇ ਉਸ ਕੋਲੋਂ ਲੱਗਭਗ 2 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਚੇਤੰਨਿਆਨੰਦ ਲਗਾਤਾਰ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ ਅਤੇ ਪੁਲਸ ਕੋਲੋਂ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ।
 


author

Shubam Kumar

Content Editor

Related News