'ਕੋਵਿਡ-19 ਦੇ ਫੈਲਣ ਦਾ ਸੰਬੰਧ ਦੇਸ਼ਾਂ ਦੀ ਅਕਸ਼ਾਂਸ ਸਥਿਤੀ ਨਾਲ ਹੋ ਸਕਦੈ'
Sunday, Mar 22, 2020 - 04:09 PM (IST)
ਚੇਨਈ (ਭਾਸ਼ਾ): ਚੇਨਈ ਦੀ ਇਕ ਵੱਕਾਰੀ ਸੰਸਥਾ ਵੱਲੋਂ ਕੀਤੇ ਗਏ ਮਹਾਮਾਰੀ ਵਿਗਿਆਨ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਜਿਸ ਤੇਜ਼ੀ ਨਾਲ ਕੋਰੋਨਾਵਾਇਰਸ ਦੁਨੀਆ ਭਰ ਵਿਚ ਫੈਲ ਰਿਹਾ ਹੈ ਤਾਂ ਇਸ ਦਾ ਦੇਸ਼ਾਂ ਦੀ ਅਕਸ਼ਾਂਸ਼ ਸਥਿਤੀ ਨਾਲ ਸੰਬੰਧ ਹੋ ਸਕਦਾ ਹੈ। ਕੇਂਦਰ ਦੇ ਪਰਮਾਣੂ ਊਰਜਾ ਵਿਭਾਗ ਦੇ ਤਹਿਤ ਆਉਣ ਵਾਲੇ ਖੁਦਮੁਖਤਿਆਰੀ ਸੰਗਠਨ ਗਣਿਤ ਵਿਗਿਆਨ ਸੰਸਥਾ (IMSc) ਦੇ ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿਚ ਆਉਣ ਵਾਲੇ ਬੁੱਧਵਾਰ ਤੱਕ ਕੋਵਿਡ-19 ਦੇ ਮਰੀਜ਼ ਕਰੀਬ 400 ਤੱਕ ਹੋ ਸਕਦੇ ਹਨ ਅਤੇ ਹੋਰ ਖਰਾਬ ਸਥਿਤੀ ਵਿਚ ਗਿਣਤੀ 900 ਤੱਕ ਪਹੁੰਚ ਸਕਦੀ ਹੈ।
ਸੌਮਯਾ ਈਸ਼ਵਰਨ ਦੇ ਨਾਲ ਅਧਿਐਨ ਕਰਨ ਵਾਲੇ ਪ੍ਰੋਫੈਸਰ ਸੀਤਾਭਰਾ ਸਿਨਹਾ ਨੇ ਕਿਹਾ ਕਿ ਮਾਮਲੇ ਵਧਣਗੇ ਜਾਂ ਘੱਟਣਗੇ ਇਹ ਨਿੱਜੀ ਪੱਧਰ 'ਤੇ ਲੋਕਾਂ ਦੀ ਪ੍ਰਤੀਕਿਰਿਆ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸਹਿਯੋਗ ਜਿਹੀਆਂ ਗੱਲਾਂ 'ਤੇ ਨਿਰਭਰ ਕਰੇਗਾ। ਵੱਖ-ਵੱਖ ਪਹਿਲੂਆਂ ਦਾ ਅਧਿਐਨ ਕਰਦਿਆਂ ਸੰਸਥਾ ਦੀ ਦੋ ਮੈਂਬਰੀ ਟੀਮ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਦਾ ਸੰਬੰਧ ਅਕਸ਼ਾਂਸ ਸਥਿਤੀ ਨਾਲ ਦੱਸਿਆ। ਸਿਨਹਾ ਨੇ ਇਕ ਇੰਟਰਵਿਊ ਵਿਚ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਸਧਾਰਨ ਤੌਰ 'ਤੇ ਉੱਚ ਅਕਸ਼ਾਂਸ਼ ਵਾਲੇ ਖੇਤਰਾਂ ਵਿਚ ਇਸ ਮਹਾਮਾਰੀ ਦੇ ਫੈਲਣ ਦੀ ਵਾਧਾ ਦਰ ਜ਼ਿਆਦਾ ਹੈ।''
ਪੜ੍ਹੋ ਇਹ ਅਹਿਮ ਖਬਰ- 'ਇਕ ਬਿੰਦੂ ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਕੋਰੋਨਾਵਾਇਰਸ'
ਅਧਿਐਨ ਵਿਚ ਮੌਸਮ ਹਾਲਤਾਂ ਅਤੇ ਵਾਇਰਸ ਫੈਲਣ ਦੀ ਦਰ ਦੇ ਵਿਚ ਕੋਈ ਸੰਬੰਧ ਨਹੀਂ ਪਾਇਆ ਗਿਆ। ਇਸ ਛੂਤ ਦੀ ਬੀਮਾਰੀ ਨਾਲ ਦੁਨੀਆਭਰ ਵਿਚ 13,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਭਾਰਤ ਸਮੇਤ ਵੱਖ-ਵੱਖ ਦੇਸਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼ੋਧਕਰਤਾ ਨੇ ਕਿਹਾ ਕਿ ਦੇਸ਼ਾਂ ਦੀ ਅਕਸ਼ਾਂਸ਼ ਸਥਿਤੀ ਅਤੇ ਰੋਗਾਣੂਆਂ ਦੇ ਫੈਲਣ ਦੀ ਦਰ ਦੇ ਵਿਚ ਸੰਬੰਧ ਅੱਗੇ ਦੇ ਅਧਿਐਨ ਵਿਚ ਹੋਰ ਪੱਕਾ ਹੋਵੇਗਾ ਜੋ ਹਾਲੇ ਚੱਲ ਰਿਹਾ ਹੈ। ਚੀਨ ਅਤੇ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ, ਕਈ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ 'ਤੇ ਅੰਕੜਿਆਂ ਦੇ ਬਾਰੇ ਵਿਚ ਦੱਸਦਿਆਂ ਸਿਨਹਾ ਨੇ ਕਿਹਾ ਕਿ ਉਹਨਾਂ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕੀ ਵੱਖ-ਵੱਖ ਖੇਤਰਾਂ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵਿਚ ਵਾਧਾ ਦਰ ਦਾ ਸੰਬੰਧ ਕੁਝ ਘਟਕਾਂ ਨਾਲ ਹੋ ਸਕਦਾ ਹੈ।