ਚਾਰ ਧਾਮ ਯਾਤਰਾ: ਹੁਣ ਤੱਕ 65 ਸ਼ਰਧਾਲੂਆਂ ਦੀ ਮੌਤ, ਕੇਦਾਰਨਾਥ ’ਚ ਸਭ ਤੋਂ ਵਧੇਰੇ ਲੋਕਾਂ ਦੀ ਗਈ ਜਾਨ

05/24/2022 11:44:49 AM

ਦੇਹਰਾਦੂਨ– ਉੱਤਰਾਖੰਡ ਸਥਿਤ ਪਵਿੱਤਰ ਹਿੰਦੂ ਤੀਰਥ ਅਸਥਾਨ ਚਾਰ ਧਾਮ ਦੀ ਯਾਤਰਾ ’ਚ ਇਸ ਵਾਰ ਸ਼ਰਧਾਲੂ ਵੱਡੀ ਗਿਣਤੀ ’ਚ ਦਰਸ਼ਨਾਂ ਲਈ ਪਹੁੰਚ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ 2 ਸਾਲ ਤੱਕ ਚਾਰ ਧਾਮ ਯਾਤਰਾ ਬੰਦ ਰਹੀ ਸੀ ਪਰ ਇਸ ਸਾਲ ਯਾਤਰਾ ਤੈਅ ਸਮੇਂ ’ਤੇ ਸ਼ੁਰੂ ਹੋਈ। ਦੁਖ਼ਦ ਖ਼ਬਰ ਇਹ ਹੈ ਕਿ ਚਾਰ ਧਾਮਾਂ ਦੀ ਤੀਰਥ ਯਾਤਰਾ ’ਤੇ ਗਏ 65 ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ।  ਚਾਰ ਧਾਮ ਯਾਤਰਾ ਦੌਰਾਨ ਹੋਈ ਤੀਰਥ ਯਾਤਰੀਆਂ ਦੀ ਮੌਤ ਦੇ ਪਿੱਛੇ ਦੇ ਵਜ੍ਹਾ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। 

65 ਸ਼ਰਧਾਲੂਆਂ ਦੀ ਮੌਤ
ਚਾਰ ਧਾਮ ਯਾਤਰਾ ਦੌਰਾਨ ਹੁਣ ਤੱਕ 65 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਸ਼ਰਧਾਲੂਆਂ ਦੀ ਮੌਤ ਦੇ ਸਭ ਤੋਂ ਵੱਧ ਮਾਮਲੇ ਕੇਦਾਰਨਾਥ ਯਾਤਰਾ ਦੌਰਾਨ ਦਰਜ ਕੀਤੇ ਗਏ ਹਨ। ਕੁੱਲ 63 ’ਚੋਂ 30 ਮੌਤਾਂ ਸਿਰਫ਼ ਕੇਦਾਰਨਾਥ ਯਾਤਰਾ ਦੌਰਾਨ ਹੋਈਆਂ ਹਨ। ਉੱਥੇ ਹੀ ਯਮੁਨੋਤਰੀ ’ਚ 19, ਬਦਰੀਨਾਥ ’ਚ 12 ਅਤੇ ਗੰਗੋਤਰੀ ’ਚ 4 ਸ਼ਰਧਾਲੂਆਂ ਦੀ ਮੌਤ ਹੋਈ ਹੈ।

ਹੁਣ ਤੱਕ 12 ਲੱਖ ਸ਼ਰਧਾਲੂ ਕਰ ਚੁੱਕੇ ਦਰਸ਼ਨ
ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ’ਚ ਸੋਮਵਾਰ ਸ਼ਾਮ ਤੱਕ ਕੁੱਲ 12, 01,518 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਬਦਰੀਨਾਥ ਦੇ ਕਿਵਾੜ ਖੁੱਲ੍ਹਣ ਦੀ ਤਾਰੀਖ਼ 8 ਮਈ ਤੋਂ 22 ਮਈ ਸ਼ਾਮ ਤੱਕ 2,82,584 ਅਤੇ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹਣ ਦੀ ਤਾਰੀਖ਼ 6 ਮਈ ਤੋਂ 22 ਮਈ ਸ਼ਾਮ ਤੱਕ 2,98,234 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਗੰਗੋਤਰੀ ਮੰਦਰ ਕਮੇਟੀ ਮੁਤਾਬਕ 3 ਮਈ ਨੂੰ ਕਿਵਾੜ ਖੁੱਲ੍ਹਣ ਤੋਂ ਬਾਅਦ ਸੋਮਵਾਰ ਸ਼ਾਮ 4 ਵਜੇ ਤੱਕ ਕੁੱਲ 1,82,677 ਅਤੇ ਇਸੇ ਦਿਨ ਯਮੁਨੋਤਰੀ ਧਾਮ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਅੱਜ ਸ਼ਾਮ ਤੱਕ 1,32,870 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਇਸ ਤਰ੍ਹਾਂ ਇਨ੍ਹਾਂ ਦੋਹਾਂ ਧਾਮਾਂ ’ਤੇ ਹੁਣ ਤੱਕ ਕੁੱਲ 3,20,947 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਇਸ ਤਰ੍ਹਾਂ ਚਾਰੋਂ ਧਾਮਾਂ ’ਚ ਕੁੱਲ 12,01,518 ਨੇ ਦਰਸ਼ਨ ਕੀਤੇ ਹਨ। ਜ਼ਿਕਰਯੋਗ ਹੈ ਕਿ ਕੇਦਾਰਨਾਥ-ਬਦਰੀਨਾਥ ਮੰਦਰਾਂ ਦੇ ਅੰਕੜੇ ਨੈੱਟਵਰਕ ਨਾ ਹੋਣ ਕਾਰਨ ਇਕ ਦਿਨ ਬਾਅਦ ਉਪਲੱਬਧ ਹੁੰਦੇ ਹਨ।
 


Tanu

Content Editor

Related News