ਡੇਢ ਕਰੋੜ ਰੁਪਏ ਦੀ ਚਰਸ ਬਰਾਮਦ, ਨੇਪਾਲੀ ਮਹਿਲਾ ਤਸਕਰ ਗ੍ਰਿਫ਼ਤਾਰ
Tuesday, Sep 24, 2024 - 11:19 AM (IST)
ਬਹਿਰਾਈਚ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਭਾਰਤ-ਨੇਪਾਲ ਸਰਹੱਦੀ ਰੂਪਈਡੀਹਾ ਸਰਹੱਦ 'ਤੇ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਅਤੇ ਉੱਤਰ ਪ੍ਰਦੇਸ਼ ਪੁਲਸ ਦੀ ਇਕ ਸਾਂਝੀ ਟੀਮ ਨੇ ਇਕ ਨੇਪਾਲੀ ਮਹਿਲਾ ਨਸ਼ਾ ਤਸਕਰ ਕੋਲੋਂ ਡੇਢ ਕਰੋੜ ਰੁਪਏ ਤੋਂ ਵੱਧ ਦਾ ਨਸ਼ੀਲਾ ਪਦਾਰਥ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਬਰਾਮਦ ਨਸ਼ੀਲਾ ਪਦਾਰਥ ਨੇਪਾਲ ਤੋਂ ਤਸਕਰੀ ਕਰ ਕੇ ਸ਼ਿਮਲਾ (ਹਿਮਾਚਲ ਪ੍ਰਦੇਸ਼) ਲਿਆਂਦਾ ਜਾ ਰਿਹਾ ਸੀ। ਸਸ਼ਸਤਰ ਸੀਮਾ ਬਲ 42ਵੀਂ ਕੋਰ ਦੇ ਡਿਪਟੀ ਕਮਾਂਡਰ ਦਿਲੀਪ ਕੁਮਾਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਠੋਸ ਅਤੇ ਭਰੋਸੇਮੰਦ ਖੁਫੀਆ ਸੂਚਨਾ ਦੇ ਆਧਾਰ 'ਤੇ ਐੱਸਐੱਸਬੀ ਅਤੇ ਉੱਤਰ ਪ੍ਰਦੇਸ਼ ਪੁਲਸ ਦੀ ਸਾਂਝੀ ਟੀਮ ਜਾਂਚ ਅਤੇ ਤਲਾਸ਼ 'ਚ ਲੱਗੀ ਹੋਈ ਸੀ। ਇਸ ਦੌਰਾਨ ਨੇਪਾਲ ਤੋਂ ਆਈ ਇਕ ਨੇਪਾਲੀ ਔਰਤ ਦੇ ਬੈਗ 'ਚੋਂ ਹਰੇ ਕੱਪੜੇ 'ਚ ਲਪੇਟੇ 6 ਪਾਰਦਰਸ਼ੀ ਪਾਊਚ ਬਰਾਮਦ ਹੋਏ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਡੌਗ ਸਕੁਐਡ ਅਤੇ ਖੋਜੀ ਕੁੱਤਿਆਂ ਨੇ ਬੈਗ 'ਚ ਰੱਖੇ ਕਾਲੇ ਰੰਗ ਦੇ ਪਦਾਰਥ ਨੂੰ ਨਸ਼ੀਲੇ ਪਦਾਰਥ ਹੋਣ ਵਰਗੀ ਪ੍ਰਤੀਕਿਰਿਆ ਦਿੱਤੀ ਅਤੇ ਬਾਅਦ 'ਚ ਵਿਸ਼ੇਸ਼ ਸਿਖਲਾਈ ਪ੍ਰਾਪਤ ਜਵਾਨਾਂ ਨੇ ਇਸ ਨੂੰ ਚਰਸ ਵਜੋਂ ਪਛਾਣਿਆ। ਫੜੀ ਗਈ ਨੇਪਾਲੀ ਨਾਗਰਿਕ ਦੀ ਪਛਾਣ ਦਿਲਬਹਾਦਰ ਬੁਧਾ ਦੀ ਧੀ ਰੇਖਾ ਬੁਧਾ ਵਜੋਂ ਹੋਈ ਹੈ। ਨਸ਼ੀਲੇ ਪਦਾਰਥ ਤਸਕਰ ਰੇਖਾ ਖ਼ਿਲਾਫ਼ ਨਸ਼ੀਲੇ ਪਦਾਰਥ ਪਾਬੰਦੀ ਨਾਲ ਸੰਬੰਧਤ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਰੂਪਈਡੀਹਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਡਿਪਟੀ ਕਮਾਂਡਰ ਨੇ ਦੱਸਿਆ ਕਿ ਕਰੀਬ 5 ਕਿਲੋਗ੍ਰਾਮ ਭਾਰੀ ਚਰਸ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ ਲਗਭਗ 1.6 ਕਰੋੜ ਰੁਪਏ ਦੱਸੀ ਜਾਂਦੀ ਹੈ। ਗ੍ਰਿਫ਼ਤਾਰੀ ਨੇਪਾਲੀ ਔਰਤ ਨੇ ਸ਼ੁਰੂਆਤੀ ਪੁੱਛ-ਗਿੱਛ 'ਚ ਦੱਸਿਆ ਕਿ ਉਸ ਨੇ ਨੇਪਾਲ 'ਚ ਰੂਕੁਮ ਜ਼ਿਲ੍ਹੇ ਦੇ ਕਾਕਰਾ ਪਿੰਡ ਸਥਿਤ ਆਪਣੇ ਘਰ 'ਤੇ ਉਕਤ ਚਰਸ ਤਿਆਰ ਕੀਤੀ ਸੀ ਅਤੇ ਘੱਟ ਸਮੇਂ 'ਚ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਲਾਲਚ 'ਚ ਉਹ ਇਸ ਨੂੰ ਵੇਚਣ ਦੇ ਮਕਸਦ ਨਾਲ ਭਾਰਤ ਦੇ ਸ਼ਿਮਲਾ (ਹਿਮਾਚਲ ਪ੍ਰਦੇਸ਼) ਲਿਜਾਉਣ ਵਾਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8