'ਮਨ ਕੀ ਬਾਤ' 'ਚ ਬੋਲੇ PM ਮੋਦੀ- 'ਮਿਸ਼ਨ ਚੰਦਰਯਾਨ-3 ਨੂੰ ਦੱਸਿਆ ਨਾਰੀ ਸ਼ਕਤੀ ਦਾ ਉਦਾਹਰਣ'

Sunday, Aug 27, 2023 - 11:31 AM (IST)

'ਮਨ ਕੀ ਬਾਤ' 'ਚ ਬੋਲੇ PM ਮੋਦੀ- 'ਮਿਸ਼ਨ ਚੰਦਰਯਾਨ-3 ਨੂੰ ਦੱਸਿਆ ਨਾਰੀ ਸ਼ਕਤੀ ਦਾ ਉਦਾਹਰਣ'

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਭਾਰਤ ਦੀ ਇਸ ਮੁਹਿੰਮ ਸਾਬਿਤ ਕਰ ਦਿੱਤਾ ਹੈ ਕਿ ਸੰਕਲਰ ਦੇ ਕੁਝ ਸੂਰਜ ਚੰਨ 'ਤੇ ਵੀ ਚੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਵੇਂ ਭਾਰਤ ਦੀ ਉਸ ਭਾਵਨਾ ਦਾ ਪ੍ਰਤੀਕ ਬਣ ਗਈ ਹੈ, ਜੋ ਹਰ ਹਾਲ 'ਚ ਜਿੱਤਣਾ ਚਾਹੁੰਦਾ ਹੈ। 'ਆਕਾਸ਼ਵਾਣੀ' 'ਤੇ ਪ੍ਰਸਾਰਿਤ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 104ਵੇਂ ਐਪੀਸੋਡ 'ਚ ਆਪਣੇ ਵਿਚਾਰ ਸਾਂਝੇ ਕਰਦਿਆਂ ਪੀ.ਐੱਮ. ਮੋਦੀ ਨੇ ਭਾਰਤ ਦੇ ਚੰਦਰਯਾਨ ਮਿਸ਼ਨ ਨੂੰ ਨਾਰੀ ਸ਼ਕਤੀ ਦੀ ਜਿਉਂਦੀ ਜਾਗਦੀ ਉਦਾਹਰਣ ਦੱਸਿਆ ਅਤੇ ਕਿਹਾ ਕਿ ਇਹ 'ਸਭ ਦੀ ਕੋਸ਼ਿਸ਼' ਨਾਲ ਹੀ ਸੰਭਵ ਹੋ ਸਕਿਆ ਹੈ। ਪੀ.ਐੱਮ. ਮੋਦੀ ਨੇ ਕਿਹਾ,''ਚੰਦਰਯਾਨ-3 ਦੀ ਸਫ਼ਲਤਾ ਨੇ ਸਾਉਣ ਦੇ ਤਿਉਹਾਰ ਦਾ ਮਾਹੌਲ ਕਈ ਗੁਣਾ ਵਧਾ ਦਿੱਤਾ ਹੈ। ਚੰਦਰਯਾਨ ਨੂੰ ਚੰਦਰਮਾ 'ਤੇ ਪਹੁੰਚੇ ਤਿੰਨ ਦਿਨ ਤੋਂ ਵੱਧ ਸਮਾਂ ਹੋ ਰਿਹਾ ਹੈ। ਇਹ ਸਫ਼ਲਤਾ ਇੰਨੀ ਵੱਡੀ ਹੈ ਕਿ ਇਸ ਦੀ ਜਿੰਨੀ ਵੀ ਚਰਚਾ ਕੀਤੀ ਜਾਵੇ, ਉਹ ਘੱਟ ਹੈ।'' ਪ੍ਰਧਾਨ ਮੰਤਰੀ ਨੇ ਆਪਣੀ ਕਵਿਤਾ 'ਅਭੀ ਤੋ ਸੂਰਜ ਉਗਾ ਹੈ' ਸੁਣਾਉਂਦੇ ਹੋਏ ਕਿਹਾ ਕਿ 23 ਅਗਸਤ ਨੂੰ ਭਾਰਤ ਅਤੇ ਭਾਰਤ ਦੇ ਚੰਦਰਯਾਨ ਨੇ ਇਹ ਸਾਬਿਤ ਕਰ ਦਿੱਤਾ ਕਿ ਸੰਕਲਪ ਨਾਲ ਕੁਝ ਸੂਰਜ ਚੰਦ 'ਤੇ ਵੀ ਚੜ੍ਹਦੇ ਹਨ।

ਇਹ ਵੀ ਪੜ੍ਹੋ : ਚੰਨ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ਇਸ ਦਿਨ ਲਾਂਚ ਹੋਵੇਗਾ ਇਸਰੋ ਦਾ ਸੂਰਜ ਮਿਸ਼ਨ

ਉਨ੍ਹਾਂ ਕਿਹਾ,''ਚੰਦਰਯਾਨ ਮਿਸ਼ਨ ਨਵੇਂ ਭਾਰਤ ਦੀ ਭਾਵਨਾ ਦਾ ਪ੍ਰਤੀਕ ਬਣ ਗਿਆ ਹੈ, ਜੋ ਹਰ ਕੀਮਤ 'ਤੇ ਜਿੱਤਣਾ ਚਾਹੁੰਦਾ ਹੈ ਅਤੇ ਹਰ ਹਾਲ 'ਚ ਜਿੱਤਣਾ ਵੀ ਜਾਣਦਾ ਹੈ।'' ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦਿੱਤੇ ਗਏ ਭਾਸ਼ਣ 'ਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਸਸ਼ਕਤ ਕਰਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜਿੱਥੇ ਮਹਿਲਾ ਸ਼ਕਤੀ ਦੀ ਸਮਰੱਥਾ ਜੁੜ ਜਾਂਦੀ ਹੈ, ਉੱਥੇ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ,“ਭਾਰਤ ਦਾ ਚੰਦਰਯਾਨ ਮਿਸ਼ਨ ਨਾਰੀ ਸ਼ਕਤੀ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਇਸ ਪੂਰੇ ਮਿਸ਼ਨ ਨਾਲ ਕਈ ਮਹਿਲਾ ਵਿਗਿਆਨੀ ਅਤੇ ਇੰਜੀਨੀਅਰ ਜੁੜੀਆਂ ਰਹੀਆਂ। ਇਨ੍ਹਾਂ ਨੇ ਪ੍ਰਾਜੈਕਟ ਡਾਇਰੈਕਟਰ, ਪ੍ਰਾਜੈਕਟ ਪ੍ਰਬੰਧਨ ਵਰਗੀਆਂ ਕਈ ਜ਼ਿੰਮੇਵਾਰੀਆਂ ਨੂੰ ਸੰਭਾਲਿਆ। ਭਾਰਤ ਦੀਆਂ ਧੀਆਂ ਹੁਣ ਅਨੰਤ ਸਮਝੇ ਜਾਣ ਵਾਲੇ ਪੁਲਾੜ ਨੂੰ ਵੀ ਚੁਣੌਤੀ ਦੇ ਰਹੀਆਂ ਹਨ। ਕਿਸੇ ਦੇਸ਼ ਦੀਆਂ ਧੀਆਂ ਇੰਨੀਆਂ ਅਭਿਲਾਸ਼ੀ ਹੋ ਜਾਂਦੀਆਂ ਹਨ ਤਾਂ ਉਸ ਦੇਸ਼ ਨੂੰ ਵਿਕਸਿਤ ਹੋਣ ਤੋਂ ਕੌਣ ਰੋਕ ਸਕਦਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਨੇ ਇੰਨੀ ਉੱਚੀ ਉਡਾਣ ਇਸ ਲਈ ਪੂਰੀ ਕੀਤੀ, ਕਿਉਂਕਿ ਅੱਜ ਸਾਰਿਆਂ ਦੇ ਸੁਫ਼ੇ ਵੀ ਵੱਡੇ ਹਨ ਅਤੇ ਕੋਸ਼ਿਸ਼ ਵੀ ਵੱਡੀ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ 'ਚ ਵਿਗਿਆਨੀਆਂ ਦੇ ਨਾਲ-ਨਾਲ ਹੋਰ ਖੇਤਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਮੁਹਿੰਮ ਲਈ ਸਪੇਅਰ ਪਾਰਟਸ ਅਤੇ ਤਕਨੀਕੀ ਲੋੜ ਨੂੰ ਪੂਰਾ ਕਰਨ ਵਿਚ ਦੇਸ਼ ਵਾਸੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਸਾਰਿਆਂ ਦੀਆਂ ਕੋਸ਼ਿਸ਼ਾਂ' ਸਦਕਾ ਹੀ ਇਹ ਸਫ਼ਲਤਾ ਹਾਸਲ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News