ਚੰਦਰਯਾਨ-3 ਮਿਸ਼ਨ: ਚੰਦਰ ਦਿਵਸ ਦੇ ਆਖਰੀ ਸਮੇਂ ਤੱਕ ਹੋਵੇਗੀ ਵਿਕਰਮ ਨੂੰ ਜਗਾਉਣ ਦੀ ਕੋਸ਼ਿਸ਼

09/26/2023 11:03:35 AM

ਬੈਂਗਲੁਰੂ (ਵਿਸ਼ੇਸ਼)- ਚੰਦਰਮਾ ਦੇ ਦੱਖਣੀ ਧਰੁਵ ’ਤੇ ਸ਼ਿਵ-ਸ਼ਕਤੀ ਪੁਆਇੰਟ ਦੇ 100 ਮੀਟਰ ਦੇ ਦਾਇਰੇ ’ਚ ਮਿਸ਼ਨ ਚੰਦਰਯਾਨ-3 ਦਾ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਸਲੀਪ ਮੋਡ ਵਿਚ ਹਨ। ਇਸਰੋ ਨੂੰ ਬਹੁਤ ਘੱਟ ਉਮੀਦ ਸੀ ਕਿ ਇਹ ਦੋਵੇਂ 22 ਸਤੰਬਰ ਨੂੰ ਮੁੜ ਸਰਗਰਮ ਹੋ ਸਕਦੇ ਹਨ। ਹਾਲਾਂਕਿ ਹੁਣ ਤੱਕ ਲੈਂਡਰ ਵਿਕਰਮ ਨੇ ਇਸਰੋ ਦੇ ਸੰਕੇਤਾਂ ਦਾ ਜਵਾਬ ਨਹੀਂ ਦਿੱਤਾ ਹੈ ਪਰ ਇਸਰੋ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਹੈ। ਪੁਲਾੜ ਸੰਗਠਨ ਦਾ ਕਹਿਣਾ ਹੈ ਕਿ ਉਹ ਇਸ ਚੰਦਰ ਦਿਵਸ ਦੇ ਅੰਤ ਤੱਕ ਵਿਕਰਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗਾ।

ਸਲੀਪ ਮੋਡ ’ਚ ਜਾਣ ਤੋਂ ਪਹਿਲਾਂ ਚੰਦਰਯਾਨ-3 ਮਿਸ਼ਨ ਨੇ ਲਗਭਗ ਸਾਰੇ ਕੰਮ ਪੂਰੇ ਕੀਤੇ : ਇਸਰੋ

23 ਅਗਸਤ ਨੂੰ ਵਿਕਰਮ ਨੇ ਚੰਦਰਮਾ ਦੀ ਸਤ੍ਹਾ ’ਤੇ ਸਫਲ ਸਾਫਟ ਲੈਂਡਿੰਗ ਕੀਤੀ ਸੀ। ਅਗਲੇ ਹੀ ਦਿਨ ਤੋਂ ਰੋਵਰ ਪ੍ਰਗਿਆਨ ਨੇ ਵੀ ਸਤ੍ਹਾ ’ਤੇ ਆਪਣੇ ਪ੍ਰਯੋਗ ਸ਼ੁਰੂ ਕਰ ਦਿੱਤੇ। ਇਸਰੋ ਦੇ ਮੁਖੀ ਐੱਸ. ਸੋਮਨਾਥ ਦਾ ਕਹਿਣਾ ਹੈ ਕਿ ਚੰਦਰਯਾਨ-3 ਮਿਸ਼ਨ ਨੇ ਆਪਣੇ ਸਾਰੇ ਨਿਰਧਾਰਤ ਕਾਰਜ ਲਗਭਗ ਪੂਰੇ ਕਰ ਲਏ ਹਨ। ਚੰਦਰਮਾ ਦੇ ਦੱਖਣੀ ਧਰੁਵ ’ਤੇ ਸੂਰਜ ਡੁੱਬਣ ਤੋਂ ਪਹਿਲਾਂ 2 ਸਤੰਬਰ ਨੂੰ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਨੂੰ ਸਲੀਪ ਮੋਡ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੇ ਸੋਲਰ ਪੈਨਲ ਉਸ ਦਿਸ਼ਾ ਵੱਲ ਕੀਤੇ ਗਏ ਸਨ, ਜਿਥੋਂ 14 ਦਿਨਾਂ ਬਾਅਦ ਸੂਰਜ ਚੜ੍ਹਨਾ ਸੀ। ਇਸ ਉਮੀਦ ਹੈ ਕਿ ਜਦੋਂ ਸੂਰਜ ਚੜ੍ਹੇਗਾ, ਵਿਕਰਮ ਅਤੇ ਪ੍ਰਗਿਆਨ ਦੀਆਂ ਬੈਟਰੀਆਂ ਰੀਚਾਰਜ ਹੋ ਜਾਣਗੀਆਂ ਅਤੇ ਉਹ ਕੰਮ ਸ਼ੁਰੂ ਕਰ ਸਕਦੇ ਹਨ। ਹਾਲਾਂਕਿ, ਚੰਦਰ ਰਾਤ ਦੌਰਾਨ ਚੰਨ ਦੀ ਸਤ੍ਹਾ ਦਾ ਤਾਪਮਾਨ ਮਾਈਨਸ 200 ਡਿਗਰੀ ਤੱਕ ਹੇਠਾਂ ਚਲਿਆ ਜਾਂਦਾ ਹੈ। ਅਜਿਹੇ ’ਚ ਇਨ੍ਹਾਂ ਬੈਟਰੀਆਂ ਦੇ ਮੁੜ ਕੰਮ ਕਰਨ ਦੀ ਉਮੀਦ ਬਹੁਤ ਘੱਟ ਸੀ।

ਚੰਦਰਮਾ ’ਤੇ ਸਾਫ ਨਹੀਂ ਬਣੇ ਰੋਵਰ ਦੇ ਪਹੀਆਂ ਦੇ ਨਿਸ਼ਾਨ

ਰੋਵਰ ਪ੍ਰਗਿਆਨ ਦੇ ਪਿਛਲੇ ਪਹੀਏ ’ਤੇ ਭਾਰਤੀ ਰਾਸ਼ਟਰੀ ਚਿੰਨ੍ਹ ਸੀ ਪਰ ਇਹ ਚੰਦਰਮਾ ਦੀ ਸਤ੍ਹਾ ’ਤੇ ਸਹੀ ਤਰ੍ਹਾਂ ਨਹੀਂ ਉਭਰਿਆ। ਇਸ ਸਬੰਧੀ ਇਸਰੋ ਦੇ ਚੇਅਰਮੈਨ ਸੋਮਨਾਥ ਨੇ ਕਿਹਾ ਕਿ ਰੋਵਰ ਚੰਦਰਮਾ ਦੀ ਸਤ੍ਹਾ ’ਤੇ ਜਿਸ ਤਰ੍ਹਾਂ ਉਤਰਿਆ ਹੈ, ਉਹ ਢਿੱਲੀ ਧੂੜ ਦੀ ਸਤ੍ਹਾ ਵਰਗੀ ਨਹੀਂ ਹੈ, ਸਗੋਂ ਇਹ ਚਿਪਚਿਪਾ ਅਤੇ ਦਾਣੇਦਾਰ ਹੈ। ਇਸ ਕਾਰਨ ਚੰਦਰਮਾ ਦੀ ਸਤ੍ਹਾ ’ਤੇ ਰਾਸ਼ਟਰੀ ਚਿੰਨ੍ਹ ਦੇ ਨਿਸ਼ਾਨ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਸਕੇ।


Tanu

Content Editor

Related News