ਗੁਰਨਾਮ ਚਢੂਨੀ ਨੇ ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ CM ਮਨੋਹਰ ਲਾਲ ਨੂੰ ਲਿਖੀ ਚਿੱਠੀ
Saturday, Nov 19, 2022 - 04:08 PM (IST)
ਚੰਡੀਗੜ੍ਹ- ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਹਰਿਆਣਾ ਸਰਕਾਰ ਤੋਂ ਗੰਨਾ ਉਤਪਾਦਨ ਲਾਗਤ ਵਧਣ ਦੇ ਮੱਦੇਨਜ਼ਰ ਇਸ ਦਾ ਖਰੀਦ ਮੁੱਲ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ। ਚਢੂਨੀ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਲਿਖੀ ਚਿੱਠੀ ’ਚ ਕਿਹਾ ਹੈ ਕਿ ਗੰਨੇ ਦਾ ਭਾਅ ਬੀਤੇ ਸਾਲਾਂ ਵਿਚ ਘੱਟ ਵਧਾਇਆ ਗਿਆ ਹੈ।
ਇਸ ਤੋਂ ਇਲਾਵਾ ਖਾਦਾਂ, ਕੀਟਨਾਸ਼ਕਾਂ, ਲੇਬਰ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਉਤਪਾਦਨ ਲਾਗਤ ਵਧ ਗਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਰਕਾਰ ਗੰਨੇ ਦੀ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਮਰਥਨ ਮੁੱਲ ਦਾ ਐਲਾਨ ਕਰ ਦਿੰਦੀ ਹੈ ਪਰ ਇਸ ਵਾਰ ਪਿੜਾਈ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਇਸ ਦਾ ਸਮਰਥਨ ਮੁੱਲ ਨਹੀਂ ਐਲਾਨਿਆ।
ਚਢੂਨੀ ਨੇ ਦਾਅਵਾ ਕੀਤਾ ਕਿ ਗੁਆਂਢੀ ਸੂਬੇ ਪੰਜਾਬ ’ਚ ਗੰਨੇ ਦਾ ਸਮਰਥਨ ਮੁੱਲ ਐਲਾਨਿਆ ਜਾ ਚੁੱਕਾ ਹੈ। ਅਜਿਹੇ ਵਿਚ ਸਰਕਾਰ ਨੂੰ ਉਤਪਾਦਨ ਲਾਗਤ ਵੱਧਣ ਦੇ ਮੱਦੇਨਜ਼ਰ ਗੰਨੇ ਦੇ ਸਮਰਥਨ ਮੁੱਲ ’ਚ 450 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਗੰਨੇ ਦਾ ਭਾਅ 380 ਰੁਪਏ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।