ਸਾਈਕਲ 'ਤੇ ਗੁਰੂਗ੍ਰਾਮ ਤੋਂ ਬਿਹਾਰ ਪੁੱਜੀ ਜੋਤੀ ਦੀ ਜਾਗੀ ਕਿਸਮਤ, CFI ਦੇਵੇਗਾ ਖਾਸ ਮੌਕਾ

Thursday, May 21, 2020 - 04:35 PM (IST)

ਨਵੀਂ ਦਿੱਲੀ (ਭਾਸ਼ਾ)— ਭਾਰਤੀ ਸਾਈਕਲਿੰਗ ਮਹਾਸੰਘ (ਸੀ. ਐੱਫ. ਆਈ.) ਦੇ ਡਾਇਰੈਕਟਰ ਵੀ. ਐੱਨ. ਸਿੰਘ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦਰਮਿਆਨ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਪੁੱਜੀ ਜੋਤੀ ਨੂੰ ਸਮਰੱਥਾ ਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਸੰਘ ਉਸ ਨੂੰ ਟਰਾਇਲ ਦਾ ਮੌਕਾ ਦੇਵੇਗਾ ਅਤੇ ਜੇਕਰ ਉਹ ਸੀ. ਐੱਫ. ਆਈ. ਦੇ ਮਾਪਦੰਡਾਂ 'ਤੇ ਥੋੜ੍ਹੀ ਜਿਹੀ ਵੀ ਖਰੀ ਉਤਰਦੀ ਹੈ ਤਾਂ ਉਸ ਨੂੰ ਵਿਸ਼ੇਸ਼ ਸਿਖਲਾਈ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। 
ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਜੋਤੀ ਲਾਕਡਾਊਨ 'ਚ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ 'ਤੇ ਬਿਠਾ ਕੇ 1,000 ਕਿਲੋਮੀਟਰ ਤੋਂ ਵਧੇਰੇ ਦੀ ਦੂਰੀ 8 ਦਿਨ 'ਚ ਤੈਅ ਕਰ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਪਹੁੰਚ ਗਈ ਸੀ। ਜੋਤੀ ਨੇ ਰੋਜ਼ਾਨਾ 100 ਤੋਂ 150 ਕਿਲੋਮੀਟਰ ਸਾਈਕਲ ਚਲਾਈ। ਵੀ. ਐੱਨ. ਸਿੰਘ ਨੇ ਕਿਹਾ ਕਿ ਮਹਾਸੰਘ ਹਮੇਸ਼ਾ ਹੁਨਰ ਭਰਪੂਰ ਖਿਡਾਰੀਆਂ ਦੀ ਤਲਾਸ਼ ਵਿਚ ਰਹਿੰਦਾ ਹੈ ਅਤੇ ਜੇਕਰ ਉਸ ਕੁੜੀ ਵਿਚ ਸਮਰੱਥਾ ਹੈ ਤਾਂ ਉਸ ਦੀ ਪੂਰੀ ਮਦਦ ਕੀਤੀ ਜਾਵੇਗੀ।

PunjabKesari

ਸਿਖਲਾਈ ਅਤੇ ਕੋਚਿੰਗ ਦੇਵਾਂਗੇ—
ਵੀ. ਐੱਨ. ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੁੜੀ ਵਿਚ ਇਸ ਤਰ੍ਹਾਂ ਦੀ ਸਮਰੱਥਾ ਹੈ ਤਾਂ ਅਸੀਂ ਉਸ ਨੂੰ ਜ਼ਰੂਰ ਮੌਕਾ ਦੇਵਾਂਗੇ। ਅੱਗੇ ਉਸ ਨੂੰ ਸਿਖਲਾਈ ਅਤੇ ਕੋਚਿੰਗ ਕੈਂਪ 'ਚ ਭੇਜ ਸਕਦੇ ਹਾਂ। ਉਸ ਤੋਂ ਪਹਿਲਾਂ ਉਸ ਨੂੰ ਅਸੀਂ ਪਰਖਾਂਗੇ। ਜੇਕਰ ਉਹ ਸਾਡੇ ਮਾਪਦੰਡਾਂ 'ਤੇ ਖਰੀ ਉਤਰਦੀ ਹੈ ਤਾਂ ਉਸ ਦੀ ਪੂਰੀ ਮਦਦ ਕਰਾਂਗੇ। ਲਾਕਡਾਊਨ ਖਤਮ ਹੋਣ ਤੋਂ ਬਾਅਦ ਜਦੋਂ ਵੀ ਮੌਕਾ ਮਿਲੇਗਾ, ਉਹ ਦਿੱਲੀ ਆਏ ਅਤੇ ਉਸ ਦਾ ਇੰਦਰਾ ਗਾਂਧੀ ਸਟੇਡੀਅਮ ਵਿਚ ਇਕ ਛੋਟਾ ਜਿਹਾ ਟੈਸਟ ਲਵਾਂਗੇ। ਸਾਡੇ ਕੋਲ ਵਾਟਬਾਈਕ ਹੁੰਦੀ ਹੈ, ਜੋ ਕਿ ਸਥਿਰ ਬਾਈਕ ਹੈ। ਇਸ 'ਤੇ ਬੱਚੇ ਨੂੰ ਬੈਠਾ ਕੇ 4-5 ਮਿੰਟ ਦਾ ਟੈਸਟ ਕੀਤਾ ਜਾਂਦਾ ਹੈ, ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਖਿਡਾਰੀ ਅਤੇ ਉਸ ਦੇ ਪੈਰਾਂ 'ਚ ਕਿੰਨੀ ਸਮਰੱਥਾ ਹੈ। ਜੇਕਰ ਜੋਤੀ ਇੰਨੀ ਦੂਰ ਸਾਈਕਲ ਚਲਾ ਕੇ ਗਈ ਤਾਂ ਨਿਸ਼ਚਿਤ ਤੌਰ 'ਤੇ ਉਸ 'ਚ ਸਮਰੱਥਾ ਹੈ। 

PunjabKesari

ਜੋਤੀ ਨੇ ਜੋ ਕਰ ਦਿਖਾਇਆ ਉਹ ਕਾਬਿਲ-ਏ-ਤਰੀਫ—
ਸਿੰਘ ਨੇ ਮੰਨਿਆ ਕਿ 15 ਸਾਲ ਦੀ ਬੱਚੀ ਲਈ ਰੋਜ਼ਾਨਾ 100 ਕਿਲੋਮੀਟਰ ਤੋਂ ਵਧੇਰੇ ਸਾਈਕਲ ਚਲਾਉਣਾ ਆਸਾਨ ਕੰਮ ਨਹੀਂ ਹੈ। ਮੈਂ ਮੀਡੀਆ 'ਚ ਆਈਆਂ ਖ਼ਬਰਾਂ ਦੇ ਆਧਾਰ 'ਤੇ ਹੀ ਬੋਲ ਰਿਹਾ ਹਾਂ ਪਰ ਜੇਕਰ ਉਸ ਨੇ ਸੱਚ-ਮੁੱਚ ਹੀ ਅਜਿਹਾ ਕੀਤਾ ਹੈ ਤਾਂ ਉਹ ਕਾਫੀ ਸਮਰੱਥ ਹੈ। ਉਸ ਨੇ ਆਪਣੇ ਪਿਤਾ ਨੂੰ ਸਾਈਕਲ 'ਤੇ ਬੈਠਾਇਆ ਸੀ ਅਤੇ ਉਸ ਕੋਲ ਛੋਟਾ-ਮੋਟਾ ਸਾਮਾਨ ਵੀ ਹੋਵੇਗਾ, ਇਸ ਲਈ ਉਸ ਨੇ ਜੋ ਕੀਤਾ ਹੈ, ਉਹ ਕਾਬਿਲ-ਏ-ਤਰੀਫ ਹੈ। ਖੇਡ ਦੀ ਜ਼ਰੂਰਤ ਮੁਤਾਬਕ ਉਹ ਸਮਰੱਥ ਹੈ ਜਾਂ ਨਹੀਂ, ਇਸ ਦਾ ਫੈਸਲਾ ਅਸੀਂ ਟੈਸਟ ਤੋਂ ਬਾਅਦ ਹੀ ਕਰ ਸਕਾਂਗੇ। 

PunjabKesari

ਗੁਰੂਗ੍ਰਾਮ ਤੋਂ ਦਰਭੰਗਾ ਪੁੱਜੀ ਸੀ ਜੋਤੀ—
ਦੱਸਣਯੋਗ ਹੈ ਕਿ ਜੋਤੀ ਦੇ ਪਿਤਾ ਗੁਰੂਗ੍ਰਾਮ 'ਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਆਪਣੀ ਮਾਂ ਅਤੇ ਜੀਜਾ ਨਾਲ ਗੁਰੂਗ੍ਰਾਮ ਆਈ ਸੀ ਅਤੇ ਫਿਰ ਪਿਤਾ ਦੀ ਦੇਖਭਾਲ ਲਈ ਉੱਥੇ ਹੀ ਰੁਕ ਗਈ। ਇਸ ਦਰਮਿਆਨ ਕੋਰੋਨਾ ਕਾਰਨ ਲਾਕਡਾਊਨ ਦਾ ਐਲਾਨ ਹੋ ਗਿਆ ਅਤੇ ਜੋਤੀ ਦੇ ਪਿਤਾ ਦਾ ਕੰਮਕਾਜ ਠੱਪ ਹੋ ਗਿਆ। ਅਜਿਹੇ ਵਿਚ ਜੋਤੀ ਨੇ ਪਿਤਾ ਨਾਲ ਸਾਈਕਲ 'ਤੇ ਵਾਪਸ ਪਿੰਡ ਦਾ ਸਫਰ ਤੈਅ ਕਰਨ ਦਾ ਫੈਸਲਾ ਕੀਤਾ। ਆਪਣੇ ਘਰ ਵਿਚ ਹੀ ਕੁਆਰੰਟੀਨ ਦਾ ਸਮਾਂ ਬਤੀਤ ਕਰ ਰਹੀ ਜੋਤੀ ਨੇ ਕਿਹਾ ਕਿ ਜੇਕਰ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਟਰਾਇਲ ਲਈ ਤਿਆਰ ਹੈ। ਜੇਕਰ ਮੈਂ ਸਫਲ ਰਹਿੰਦੀ ਹਾਂ ਤਾਂ ਮੈਂ ਸਾਈਕਲਿੰਗ 'ਚ ਭਾਰਤ ਦੀ ਨੁਮਾਇੰਦਗੀ ਕਰਨਾ ਚਾਹਾਂਗੀ। ਜੋਤੀ ਦਾ ਕਹਿਣਾ ਹੈ ਕਿ ਉਹ 3 ਭੈਣਾਂ ਅਤੇ 2 ਭਰਾਵਾਂ ਵਿਚੋਂ ਦੂਜੇ ਨੰਬਰ 'ਤੇ ਹੈ। ਉਹ ਪੜ੍ਹਾਈ ਛੱਡ ਚੁੱਕੀ ਹੈ ਪਰ ਜੇਕਰ ਮੌਕਾ ਮਿਲਦਾ ਹੈ ਤਾਂ ਮੁੜ ਪੜ੍ਹਾਈ ਵੀ ਕਰਨਾ ਚਾਹੁੰਦੀ ਹੈ।


Tanu

Content Editor

Related News