ਕੇਂਦਰ ਨੇ ਜੰਮੂ ਭੇਜੀਆਂ ਸੀ. ਆਰ. ਪੀ. ਐੱਫ. ਦੀਆਂ 3 ਬਟਾਲੀਅਨਾਂ
Thursday, Aug 21, 2025 - 10:11 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰ ਨੇ ਅੱਤਵਾਦ ਵਿਰੋਧੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਜੰਮੂ ਖੇਤਰ ’ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀਆਂ 3 ਬਟਾਲੀਅਨਾਂ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਇਹ ਬਟਾਲੀਅਨਾਂ ਊਧਮਪੁਰ ਅਤੇ ਕਠੂਆ ਜ਼ਿਲਿਆਂ ’ਚ ਤਾਇਨਾਤ ਰਾਸ਼ਟਰੀ ਰਾਈਫਲਜ਼ (ਫੌਜ) ਯੂਨਿਟਾਂ ਦਾ ਚਾਰਜ ਸੰਭਾਲਣਗੀਆਂ ਅਤੇ ਫੌਜ ਦੇ ਇਨ੍ਹਾਂ ਯੂਨਿਟਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।
ਸੂਤਰਾਂ ਨੇ ਦੱਸਿਆ ਕਿ ਜੰਮੂ ਖੇਤਰ ’ਚ ਸੀ. ਆਰ. ਪੀ. ਐੱਫ. ਯੂਨਿਟਾਂ ਦੀ ਤਾਇਨਾਤੀ ਇਕ ਨਵੀਂ ਸੁਰੱਖਿਆ ਰਣਨੀਤੀ ਦਾ ਹਿੱਸਾ ਹੈ, ਜਿਸ ਦੇ ਤਹਿਤ ਅੰਦਰੂਨੀ ਖੇਤਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਫੋਰਸਾਂ ਨੂੰ ਸੌਂਪਣ ਦੀ ਤਜਵੀਜ਼ ਹੈ, ਜਦੋਂ ਕਿ ਫੌਜ ਦੇ ਯੂਨਿਟਾਂ ਨੂੰ ਕੰਟਰੋਲ ਰੇਖਾ (ਐੱਲ. ਓ. ਸੀ.) ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸੁਰੱਖਿਆ ਮਜ਼ਬੂਤ ਕਰਨ ਲਈ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸੀ. ਆਰ. ਪੀ. ਐੱਫ. ਦੀਆਂ ਤਿੰਨ ਬਟਾਲੀਅਨਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ’ਚ ਹਰੇਕ ’ਚ ਲੱਗਭਗ 800 ਜਵਾਨ ਤਾਇਨਾਤ ਹਨ। ਸੂਤਰਾਂ ਨੇ ਦੱਸਿਆ ਕਿ ਇਕ ਵਾਰ ਜਦੋਂ 2 ਚੁਣੇ ਹੋਏ ਜ਼ਿਲਿਆਂ ’ਚ ਸੀ. ਆਰ. ਪੀ. ਐੱਫ. ਦੀ ਤਾਇਨਾਤੀ ਪੂਰੀ ਹੋ ਜਾਵੇਗੀ, ਤਾਂ ਕਸ਼ਮੀਰ ਵਾਦੀ ਦੇ ਕੁਝ ਇਲਾਕਿਆਂ ਸਮੇਤ ਹੋਰ ਇਲਾਕਿਆਂ ਨੂੰ ਨੀਮ ਫੌਜੀ ਬਲ ਨੂੰ ਸੌਂਪ ਦਿੱਤਾ ਜਾਵੇਗਾ।