10 ਫੀਸਦੀ ਤੋਂ ਵਧ ਕੋਵਿਡ ਦੀ ਇਨਫੈਕਸ਼ਨ ਦੀ ਦਰ ਵਾਲੇ ਜ਼ਿਲ੍ਹਿਆਂ ’ਚ ਸਖ਼ਤ ਪਾਬੰਦੀਆਂ ’ਤੇ ਵਿਚਾਰ ਕਰਨ ਸੂਬੇ : ਕੇਂਦਰ

08/01/2021 11:21:55 AM

ਨਵੀਂ ਦਿੱਲੀ, (ਭਾਸ਼ਾ)– ਕੇਂਦਰ ਨੇ ਸ਼ਨੀਵਾਰ ਕਿਹਾ ਕਿ ਪਿਛਲੇ ਕੁਝ ਹਫਤਿਆਂ ਵਿਚ 10 ਫੀਸਦੀ ਤੋਂ ਵੱਧ ਦੀ ਕੋਵਿਡ-19 ਦੀ ਇਨਫੈਕਸ਼ਨ ਦੀ ਦਰ ਦਰਜ ਕਰਨ ਵਾਲੇ ਜ਼ਿਲ੍ਹਿਆਂ ਨੂੰ ਲੋਕਾਂ ਦੀ ਆਵਾਜਾਈ ਅਤੇ ਭੀੜ ਨੂੰ ਕੰਟਰੋਲ ਵਿਚ ਕਰਨ ਲਈ ਸਖ਼ਤ ਪਾਬੰਦੀਆਂ ’ਤੇ ਵਿਚਾਰ ਕਰਨ ਦੀ ਲੋੜ ਹੈ। ਕੇਂਦਰ ਨੇ ਇਹ ਗੱਲ ਉਨ੍ਹਾਂ 10 ਸੂਬਿਆਂ ਨੂੰ ਕਹੀ ਹੈ, ਜਿਥੇ ਕੋਵਿਡ ਇਨਫੈਕਸ਼ਨ ਦੇ ਮਾਮਲਿਆਂ ’ਚ ਤੇਜ਼ੀ ਦੇਖੀ ਜਾ ਰਹੀ ਹੈ। ਕੇਂਦਰ ਨੇ ਕਿਹਾ ਕਿ 46 ਜ਼ਿਲ੍ਹੇ 10 ਫੀਸਦੀ ਤੋਂ ਵੱਧ ਦੀ ਇਨਫੈਕਸ਼ਨ ਦਰ ਵਿਖਾ ਰਹੇ ਹਨ ਜਦੋਂ ਕਿ 53 ਵਿਚ 5 ਤੋਂ 10 ਫੀਸਦੀ ਦੀ ਇਨਫੈਕਸ਼ਨ ਦੀ ਦਰ ਹੈ।

ਕੇਂਦਰ ਨੇ ਸੂਬਿਆਂ ਨੂੰ ਕੋਵਿਡ-19 ਦਾ ਪਤਾ ਲਾਉਣ ਲਈ ਜਾਂਚ ਨੂੰ ਤੇਜ਼ ਕਰਨ ਦੀ ਬੇਨਤੀ ਕੀਤੀ ਹੈ। ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਇਸ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਾਲ ਇਨ੍ਹਾਂ ਜ਼ਿਲ੍ਹਿਆਂ ਵਿਚ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕੇਰਲ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਓਡਿਸ਼ਾ, ਆਸਾਮ, ਮਿਜ਼ੋਰਮ, ਮੇਘਾਲਿਆ, ਆਂਧਰਾ ਪ੍ਰਦੇਸ਼ ਅਤੇ ਮਣੀਪੁਰ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਨ ਲਈ ਸ਼ਨੀਵਾਰ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਨ੍ਹਾਂ ਸੂਬਿਆਂ ਵਿਚ ਜਾਂ ਤਾਂ ਰੋਜ਼ਾਨਾ ਕੋਵਿਡ ਮਾਮਲਿਆਂ ’ਚ ਵਾਧਾ ਜਾਂ ਇਨਫੈਕਸ਼ਨ ਦੀ ਦਰ ਵਿਚ ਵਾਧਾ ਨਜ਼ਰ ਆ ਰਿਹਾ ਹੈ।

ਮੰਤਰਾਲਾ ਨੇ ਸੂਬਿਆਂ ਨੂੰ ਉਨ੍ਹਾਂ ਜ਼ਿਲ੍ਹਿਆਂ ’ਤੇ ਵੀ ਧਿਆਨ ਕੇਂਦਰਿਤ ਕਰਨ ਲਈ ਕਿਹਾ ਜਿਥੇ ਇਨਫੈਕਸ਼ਨ ਦੀ ਦਰ 10 ਫੀਸਦੀ ਤੋਂ ਘੱਟ ਹੈ ਤਾਂ ਜੋ ਉਨ੍ਹਾਂ ਜ਼ਿਲ੍ਹਿਆਂ ਅਤੇ ਉਥੋਂ ਦੀ ਆਬਾਦੀ ਦੇ ਟੀਕਾਕਰਨ ’ਤੇ ਧਿਆਨ ਕੇਂਦਰਿਤ ਕਰ ਕੇ ਸੁਰੱਖਿਅਤ ਕੀਤਾ ਜਾ ਸਕੇ। ਸਿਹਤ ਮੰਤਰਾਲਾ ਨੇ ਸੂਬਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਜ਼ਿਲੇ ਵਾਰ ਬੀਮਾਰੀ ਦੀ ਵਿਆਪਕਤਾ ਦੇ ਅੰਕੜਿਆਂ ਲਈ ਆਪਣੇ ਖੁਦ ਦੇ ਸਰਵੇਖਣ ਕਰਨ।


Rakesh

Content Editor

Related News