ਤ੍ਰਿਣਮੂਲ ਕਾਂਗਰਸ ਦੀ ਸਟੇਜ ਨੂੰ ਹਟਾਉਣ ਲਈ ਕੇਂਦਰ ਨੇ ਫੌਜ ਦੀ ਗਲਤ ਵਰਤੋਂ ਕੀਤੀ : ਮਮਤਾ

Tuesday, Sep 02, 2025 - 01:06 AM (IST)

ਤ੍ਰਿਣਮੂਲ ਕਾਂਗਰਸ ਦੀ ਸਟੇਜ ਨੂੰ ਹਟਾਉਣ ਲਈ ਕੇਂਦਰ ਨੇ ਫੌਜ ਦੀ ਗਲਤ ਵਰਤੋਂ ਕੀਤੀ : ਮਮਤਾ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਸ਼ਾਸਿਤ ਸੂਬਿਆਂ ’ਚ ਬੰਗਾਲੀ ਭਾਸ਼ਾਈ ਪ੍ਰਵਾਸੀ ਮਜ਼ਦੂਰਾਂ ’ਤੇ ਹੋਏ ਕਥਿਤ ਅੱਤਿਆਚਾਰਾਂ ਦੇ ਵਿਰੋਧ ’ਚ ਇੱਥੇ ਇਕ ਰੈਲੀ ਕਰਨ ਲਈ ਬਣਾਈ ਸਟੇਜ ਨੂੰ ਹਟਾਉਣ ਲਈ ਕੇਂਦਰ ਸਰਕਾਰ ’ਤੇ ਫੌਜ ਦੀ ਦੁਰਵਰਤੋਂ ਕਰਨ ਦਾ ਸੋਮਵਾਰ ਦੋਸ਼ ਲਾਇਆ।

ਫੌਜ ਨੇ ਕੇਂਦਰੀ ਕੋਲਕਾਤਾ ਦੇ ਮੈਦਾਨ ਖੇਤਰ ’ਚ ਗਾਂਧੀ ਜੀ ਦੇ ਬੁੱਤ ਨੇੜੇ ਤ੍ਰਿਣਮੂਲ ਕਾਂਗਰਸ ਵੱਲੋਂ ਬਣਾਈ ਗਈ ਸਟੇਜ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਮੌਕੇ ’ਤੇ ਪਹੁੰਚੀ ਮਮਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਫੌਜ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਪਰ ਇਸ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਬਦਲੇ ਦੀ ਸਿਅਾਸਤ ਹੈ। ਭਾਜਪਾ ਦੀ ਡਬਲ-ਇੰਜਣ ਸਰਕਾਰ ਇਸ ਲਈ ਦੋਸ਼ੀ ਹੈ। ਉਹ ਫੌਜ ਦੀ ਗਲਤ ਵਰਤੋਂ ਕਰ ਰਹੀ ਹੈ। ਇਹ ਅਨੈਤਿਕ ਤੇ ਗੈਰ-ਲੋਕਰਾਜੀ ਹੈ।

ਉਨ੍ਹਾਂ ਕਿਹਾ ਕਿ ਫੌਜ ਨੂੰ ਸਟੇਜ ਹਟਾਉਣ ਤੋਂ ਪਹਿਲਾਂ ਕੋਲਕਾਤਾ ਪੁਲਸ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਸੀ। ਉਹ ਮੈਨੂੰ ਬੁਲਾ ਸਕਦੇ ਸਨ। ਮੈਂ ਕੁਝ ਮਿੰਟਾਂ ’ਚ ਹੀ ਸਟੇਜ ਨੂੰ ਹਟਵਾ ਦਿੰਦੀ। ਮੈਂ ਫੌਜ ਨੂੰ ਦੋਸ਼ੀ ਨਹੀਂ ਠਹਿਰਾਉਂਦੀ। ਮੈਂ ਉਨ੍ਹਾਂ ਨੂੰ ਸਿਰਫ਼ ਨਿਰਪੱਖ ਰਹਿਣ ਤੇ ਭਾਜਪਾ ਦੇ ਹੱਥਾਂ ’ਚ ਨਾ ਖੇਡਣ ਦੀ ਅਪੀਲ ਕਰਦੀ ਹਾਂ।


author

Hardeep Kumar

Content Editor

Related News