ਕੇਂਦਰ ਦੀ ਵਾਤਾਵਰਣ ਕਮੇਟੀ ਨੇ ਚੇਨਾਬ ਨਦੀ 'ਤੇ ਦੁਲਹਸਤੀ ਪਣ-ਬਿਜਲੀ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
Saturday, Dec 27, 2025 - 01:03 PM (IST)
ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਚੇਨਾਬ ਦਰਿਆ ‘ਤੇ ਬਣ ਰਹੇ 260 ਮੇਗਾਵਾਟ ਸਮਰੱਥਾ ਵਾਲੇ ਦੁਲਹਸਤੀ ਪਣ-ਬਿਜਲੀ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਵਾਤਾਵਰਣ ਮੰਤਰਾਲਾ ਅਧੀਨ ਇਕ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਮਨਜ਼ੂਰੀ ਅਪ੍ਰੈਲ ਮਹੀਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਪਿਛੋਕੜ 'ਚ ਦਿੱਤੀ ਗਈ ਹੈ। ਪਣ-ਬਿਜਲੀ ਪ੍ਰਾਜੈਕਟਾਂ ਲਈ ਬਣੀ ਮਾਹਿਰ ਮੁਲਾਂਕਣ ਕਮੇਟੀ (EAC) ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਆਪਣੀ 45ਵੀਂ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ। ਇਸ ਨਾਲ ਕਰੀਬ 3,200 ਕਰੋੜ ਰੁਪਏ ਦੀ ਲਾਗਤ ਵਾਲੀ ਇਸ ‘ਰਨ-ਆਫ-ਦਿ-ਰਿਵਰ’ ਯੋਜਨਾ ਲਈ ਨਿਰਮਾਣ ਟੈਂਡਰ ਜਾਰੀ ਕਰਨ ਦਾ ਰਾਹ ਸਾਫ਼ ਹੋ ਗਿਆ ਹੈ।
‘ਰਨ-ਆਫ-ਦ-ਰਿਵਰ’ ਪਣ-ਬਿਜਲੀ ਪ੍ਰਾਜੈਕਟ ਦਾ ਮਤਲਬ ਅਜਿਹੀ ਯੋਜਨਾ ਹੁੰਦੀ ਹੈ, ਜਿਸ 'ਚ ਦਰਿਆ ਦੇ ਕੁਦਰਤੀ ਵਹਾਅ ਨੂੰ ਬਿਨਾਂ ਰੋਕਿਆ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਸ ਕਿਸਮ ਦੇ ਪ੍ਰਾਜੈਕਟਾਂ 'ਚ ਵੱਡੇ ਬੰਨ੍ਹ ਬਣਾਉਣ ਦੀ ਲੋੜ ਨਹੀਂ ਪੈਂਦੀ ਅਤੇ ਵਹਿੰਦੇ ਪਾਣੀ ਦੀ ਤਾਕਤ ਨਾਲ ਹੀ ਬਿਜਲੀ ਉਤਪਾਦਨ ਕੀਤਾ ਜਾਂਦਾ ਹੈ। ਮੀਟਿੰਗ ਦੇ ਵੇਰਵੇ ਅਨੁਸਾਰ, ਕਮੇਟੀ ਨੇ ਧਿਆਨ 'ਚ ਲਿਆ ਕਿ 1960 ਦੀ ਸਿੰਧੂ ਜਲ ਸੰਧੀ ਤਹਿਤ ਚੇਨਾਬ ਬੇਸਿਨ ਦੇ ਪਾਣੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਂਝਾ ਕੀਤਾ ਜਾਂਦਾ ਰਿਹਾ ਹੈ ਅਤੇ ਪ੍ਰਾਜੈਕਟ ਦੇ ਮਾਪਦੰਡ ਵੀ ਉਸੇ ਸੰਧੀ ਦੇ ਅਨੁਸਾਰ ਤੈਅ ਕੀਤੇ ਗਏ ਸਨ। ਹਾਲਾਂਕਿ, ਕਮੇਟੀ ਨੇ ਇਹ ਵੀ ਦਰਜ ਕੀਤਾ ਕਿ “ਸਿੰਧੂ ਜਲ ਸੰਧੀ 23 ਅਪ੍ਰੈਲ 2025 ਤੋਂ ਪ੍ਰਭਾਵੀ ਤੌਰ ‘ਤੇ ਮੁਲਤਵੀ ਹੈ।”
ਜਦੋਂ ਸਿੰਧੂ ਜਲ ਸੰਧੀ ਲਾਗੂ ਸੀ, ਉਸ ਸਮੇਂ ਪਾਕਿਸਤਾਨ ਨੂੰ ਸਿੰਧੂ, ਝੇਲਮ ਅਤੇ ਚੇਨਾਬ ਦਰਿਆਵਾਂ ‘ਤੇ ਅਧਿਕਾਰ ਸੀ, ਜਦਕਿ ਭਾਰਤ ਨੂੰ ਰਾਵੀ, ਬਿਆਸ ਅਤੇ ਸਤਲੁਜ ਦਰਿਆ ਮਿਲਦੇ ਸਨ। ਹੁਣ ਸੰਧੀ ਦੇ ਮੁਲਤਵੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਸਿੰਧੂ ਬੇਸਿਨ 'ਚ ਕਈ ਪਣ-ਬਿਜਲੀ ਪ੍ਰਾਜੈਕਟਾਂ ਨੂੰ ਅੱਗੇ ਵਧਾ ਰਹੀ ਹੈ। ਇਨ੍ਹਾਂ 'ਚ ਸਾਵਲਕੋਟ, ਰਾਤਲੇ, ਬਰਸਰ, ਪਾਕਲ ਦੂਲ, ਕਵਾਰ, ਕਿਰੂ ਅਤੇ ਕੀਰਥਈ ਪੜਾਅ-ਇਕ ਅਤੇ ਪੜਾਅ-ਦੋ ਸ਼ਾਮਲ ਹਨ। ਦੁਲਹਸਤੀ ਪੜਾਅ-ਦੋ ਪ੍ਰਾਜੈਕਟ, ਮੌਜੂਦਾ 390 ਮੈਗਾਵਾਟ ਸਮਰੱਥਾ ਵਾਲੇ ਦੁਲਹਸਤੀ ਪੜਾਅ-ਇਕ ਪਣ-ਬਿਜਲੀ ਪ੍ਰਾਜੈਕਟ ਦਾ ਵਿਸਥਾਰ ਹੈ। ਇਹ ਪਾਵਰ ਸਟੇਸ਼ਨ 2007 'ਚ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟੇਡ (NHPC) ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਸਫ਼ਲਤਾਪੂਰਵਕ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
