ਨੌਜਵਾਨਾਂ ਨੂੰ ਫ਼ੌਜੀ ਨਹੀਂ, ਚੌਕੀਦਾਰ ਬਣਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ : ਭੂਪੇਸ਼ ਬਘੇਲ
Monday, Jun 20, 2022 - 02:38 PM (IST)
ਨਵੀਂ ਦਿੱਲੀ (ਭਾਸ਼ਾ)- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਤਿੰਨੋਂ ਸੈਨਾਵਾਂ 'ਚ ਭਰਤੀ ਦੀ ਨਵੀਂ 'ਅਗਨੀਪਥ ਯੋਜਨਾ' ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਚੌਕੀਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 'ਅਗਨੀਪਥ ਯੋਜਨਾ' ਖ਼ਿਲਾਫ਼ ਇੱਥੇ ਆਯੋਜਿਤ ਕਾਂਗਰਸ ਦੇ 'ਸੱਤਿਆਗ੍ਰਹਿ' 'ਚ ਸ਼ਾਮਲ ਹੋਏ ਬਘੇਲ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ, ਦੇਸ਼ ਦੀ ਸਰਹੱਦ ਅਤੇ ਸੁਰੱਖਿਆ ਖ਼ਤਰੇ 'ਚ ਪੈ ਜਾਵੇਗੀ। ਬਘੇਲ ਨੇ ਕਿਹਾ,''ਹਿੰਦੁਸਤਾਨ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲਿਆਂ ਨਾਲ ਕੇਂਦਰ ਸਰਕਾਰ ਅਪਮਾਨਜਨਤਕ ਰਵੱਈਆ ਕਰ ਰਹੀ ਹੈ। ਇਸ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ, ਦੇਸ਼ ਦੀ ਸਰਹੱਦ ਅਤੇ ਸੁਰੱਖਿਆ ਖ਼ਤਰੇ 'ਚ ਹੈ।''
ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਾਰੇ ਨੌਜਵਾਨਾਂ ਨੂੰ ਫ਼ੌਜੀ ਨਹੀਂ, ਚੌਕੀਦਾਰ ਬਣਾਉਣਾ ਚਾਹੁੰਦੀ ਹੈ। ਬਘੇਲ ਨੇ 'ਨੈਸ਼ਨਲ ਹੈਰਾਲਡ' ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ,''ਮਹਿੰਗਾਈ, ਬੇਰੁਜ਼ਗਾਰੀ ਅਤੇ ਰਾਫ਼ੇਲ ਘਪਲੇ ਖ਼ਿਲਾਫ਼ ਰਾਹੁਲ ਗਾਂਧੀ ਨੇ ਆਵਾਜ਼ ਉਠਾਈ, ਇਹੀ ਕਾਰਨ ਹੈ ਕਿ ਉਨ੍ਹਾਂ ਦੀ ਆਵਾਜ਼ ਕੇਂਦਰ ਸਰਕਾਰ ਬੰਦ ਕਰਨਾ ਚਾਹੁੰਦੀ ਹੈ। ਭਾਜਪਾ ਕਾਂਗਰਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਇਸ ਲਈ ਈ.ਡੀ. ਦੇ ਮਾਧਿਅਮ ਨਾਲ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਉਨ੍ਹਾਂ ਕਿਹਾ,''ਭਾਜਪਾ ਦਾ ਇਕਮਾਤਰ ਉਦੇਸ਼ ਉਸ ਆਵਾਜ਼ ਨੂੰ ਬੰਦ ਕਰਨਾ ਹੈ, ਜੋ ਦੇਸ਼ ਦੇ ਦਬੇ ਕੁਚਲੇ, ਸ਼ੋਸ਼ਿਤ ਲੋਕਾਂ ਦੀ ਆਵਾਜ਼ ਬਣ ਗਈ ਹੈ।''