ਜੰਮੂ-ਕਸ਼ਮੀਰ ਲਈ 29 ਉਦਯੋਗਿਕ ਇਕਾਈਆਂ ਨੂੰ ਮਨਜ਼ੂਰੀ, ਇੰਨੇ ਕਰੋੜ ਦਾ ਹੋਵੇਗਾ ਨਿਵੇਸ਼
Thursday, Oct 08, 2020 - 12:54 PM (IST)
ਸ਼੍ਰੀਨਗਰ- ਕੇਂਦਰ ਸਰਕਾਰ ਨੇ ਪ੍ਰਦੇਸ਼ 'ਚ 29 ਉਦਯੋਗਿਕ ਇਕਾਈਆਂ ਦੀ ਸਥਾਪਨਾ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਦਯੋਗ ਅਤੇ ਵਣਜ ਡਾਇਰੈਕਟਰ ਮਹਿਮੂਦ ਸ਼ਾਹ ਨੇ ਦੱਸਿਆ ਕਿ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲਣ ਨਾਲ ਪ੍ਰਦੇਸ਼ 'ਚ ਕਰੀਬ 79.62 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ 629 ਲੋਕਾਂ ਲਈ ਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਦਯੋਗਿਕ ਵਿਕਾਸ ਯੋਜਨਾ 2017 ਦੇ ਅਧੀਨ ਜੰਮੂ-ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਨਿਰਮਾਣ ਅਤੇ ਸੇਵਾ ਖੇਤਰ ਨਾਲ ਜੁੜੀਆਂ ਇਕਾਈਆਂ ਦੇ ਰਜਿਸਟਰੇਸ਼ਨ ਅਤੇ ਸਥਾਪਨਾ ਲਈ ਗਠਿਤ ਅਧਿਕਾਰ ਪ੍ਰਾਪਤ ਕਮੇਟੀ ਦੀ ਇਕ ਬੈਠਕ ਹੋਈ ਸੀ।
ਕੇਂਦਰ ਸਰਕਾਰ ਦੇ ਅੰਦਰੂਨੀ ਵਪਾਰ ਅਤੇ ਉਦਯੋਗ ਪ੍ਰਮੋਸ਼ਨ ਵਿਭਾਗ ਦੇ ਸਕੱਤਰ ਡਾ. ਗੁਰੂਪ੍ਰਸਾਦ ਮਹਾਪਾਤਰ ਦੀ ਪ੍ਰਧਾਨਗੀ 'ਚ ਆਯੋਜਿਤ ਇਸ ਬੈਠਕ 'ਚ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਸੰਬੰਧਤ ਅਧਿਕਾਰੀਆਂ ਨੇ ਹਿੱਸਾ ਲਿਆ। ਜੰਮੂ-ਕਸ਼ਮੀਰ ਦਾ ਪ੍ਰਤੀਨਿਧੀਤੱਵ ਉਦਯੋਗ ਅਤੇ ਵਣਜ ਡਾਇਰੈਕਟਰ ਕਸ਼ਮੀਰ ਮਹਿਮੂਦ ਸ਼ਾਹ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ। ਇਸ ਦੌਰਾਨ ਪ੍ਰਦੇਸ਼ ਨਾਲ ਸੰਬੰਧਤ 29 ਮਾਮਲੇ ਅਧਿਕਾਰ ਪ੍ਰਾਪਤ ਕਮੇਟੀ ਦੇ ਨੋਟਿਸ 'ਚ ਲਿਆਂਦੇ ਗਏ। ਇਨ੍ਹਾਂ 'ਚੋਂ 13 ਜੂੰਮ ਸੂਬੇ ਨਾਲ ਅਤੇ 16 ਕਸ਼ਮੀਰ ਸੂਬੇ ਨਾਲ ਸੰਬੰਧਤ ਸਨ। ਕਮੇਟੀ ਨੇ ਇਨ੍ਹਾਂ ਸਾਰੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ।