ਕੇਂਦਰ ਨੇ ਸੂਬਿਆਂ ਨੂੰ ਕਿਹਾ- ਤਿਆਰ ਰਹੋ, ‘ਜਲਦੀ ਮਿਲੇਗੀ ਟੀਕੇ ਦੀ ਪਹਿਲੀ ਖੇਪ’
Friday, Jan 08, 2021 - 12:34 AM (IST)
ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲਾ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੇਪ ਜਲਦ ਹੀ ਮਿਲ ਸਕਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਉਹ ਤਿਆਰ ਰਹਿਣ। ਮੰਤਰਾਲਾ ਨੇ ਇਕ ਪੱਤਰ ’ਚ ਕਿਹਾ ਕਿ ਐਮਰਜੈਂਸੀ ਟੀਕੇ ਦੀ ਸਪਲਾਈ 19 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੇਂਦਰਾਂ ’ਤੇ ਕੀਤੀ ਜਾਵੇਗੀ। ਇਨ੍ਹਾਂ ’ਚ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਓਡਿਸ਼ਾ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਬਾਕੀ 18 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਾ ਉਨ੍ਹਾਂ ਦੇ ਸਬੰਧਿਤ ਸਰਕਾਰੀ ਮੈਡੀਕਲ ਸਟੋਰੇਜ ਡੀਪੂਆਂ ਤੋਂ ਮਿਲੇਗਾ। ਇਨ੍ਹਾਂ ’ਚ ਚੰਡੀਗੜ੍ਹ , ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਅੰਡੇਮਾਨ- ਨਿਕੋਬਾਰ ਟਾਪੂ ਸਮੂਹ, ਅਰੁਣਾਚਲ ਪ੍ਰਦੇਸ਼, ਦਮਨ ਅਤੇ ਨਾਗਰ ਹਵੇਲੀ, ਦਮਨ ਅਤੇ ਦੀਵ, ਗੋਆ, ਲਕਸ਼ਦੀਪ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੁਡੂਚੇਰੀ, ਸਿੱਕਮ, ਤ੍ਰਿਪੁਰਾ ਅਤੇ ਉਤਰਾਖੰਡ ਸ਼ਾਮਲ ਹਨ।
ਇਹ ਵੀ ਪੜ੍ਹੋ- ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਿਆਣੀ, ਪੰਜਾਬ 'ਚ ਲਾਅ ਐਂਡ ਆਰਡਰ 'ਤੇ ਕੀਤੀ ਗੱਲ
ਸਿਹਤ ਮੰਤਰਾਲਾ ’ਚ ਜਣੇਪਾ ਅਤੇ ਬਾਲ ਸਿਹਤ (ਆਰ. ਸੀ. ਐੱਚ.) ਵਿਭਾਗ ਦੀ ਸਲਾਹਕਾਰ ਡਾ. ਪ੍ਰਦੀਪ ਹਲਦਰ ਨੇ 5 ਜਨਵਰੀ ਦੇ ਪੱਤਰ ’ਚ ਕਿਹਾ ਕਿ ਟੀਕੇ ਦਾ ਜ਼ਿਲਿ੍ਹਆਂ ’ਚ ਵੰਡ ਰਜਿਸਟਰਡ ਲਾਭਪਾਤਰੀਆਂ ਅਨੁਸਾਰ ਹੋਵੇਗੀ। ਇਸ ਲਈ ਜਲਦੀ ਹੀ ਵੱਖਰੇ ਤੌਰ ’ਤੇ ਇਕ ਪੱਤਰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- ਜੈਪੁਰ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇੱਕ ਪਰਿਵਾਰ ਦੇ 4 ਲੋਕਾਂ ਨੇ ਕੀਤੀ ਸਾਮੂਹਿਕ ਖੁਦਕੁਸ਼ੀ
ਜ਼ਿਕਰਯੋਗ ਹੈ ਕਿ ਦੇਸ਼ ਦੇ ਡਰੱਗ ਕੰਟਰੋਲਰ ਨੇ ਐਤਵਾਰ ਨੂੰ ਆਕਸਫੋਰਡ- ਐਸਟ੍ਰਾਜੈਨੇਕਾ ਦੀ ‘ਕੋਵੀਸ਼ੀਲਡ’ ਅਤੇ ਦੇਸ਼ ’ਚ ਹੀ ਵਿਕਸਤ ਕੀਤੀ ਗਈ ਭਾਰਤ ਬਾਇਓਟੈਕ ਕੰਪਨੀ ਦੀ ‘ਕੋਵੈਕਸੀਨ’ ਨੂੰ ਐਮਰਜੈਂਸੀ ਸਥਿਤੀ ’ਚ ਸੀਮਿਤ ਵਰਤੋਂ ਦੇ ਲਈ ਮਨਜ਼ੂਰੀ ਦੇ ਦਿੱਤੀ ਸੀ। ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ 3 ਜਨਵਰੀ ਨੂੰ ਟੀਕੇ ਦੀ ਐਮਰਜੈਂਸੀ ਸਥਿਤੀ ’ਚ ਸੀਮਿਤ ਵਰਤੋਂ ਦੀ ਮਨਜ਼ੂਰੀ ਮਿਲਣ ਤੋਂ 10 ਦਿਨ ’ਚ ਟੀਕਾ ਉਪਲੱਬਧ ਕਰਵਾਉਣ ਲਈ ਤਿਆਰ ਹਨ।
ਅੱਜ ਟੀਕਾਕਰਨ ਦੀ ਰਿਹਰਸਲ
ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਛੱਡ ਕੇ ਸਾਰਿਆਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ 8 ਜਨਵਰੀ ਨੂੰ ਟੀਕਾਕਰਨ ਦੀ ਰਿਹਰਸਲ ਹੋਵੇਗੀ ਤਾਂਕਿ ਹਰੇਕ ਜ਼ਿਲ੍ਹੇ ’ਚ ਟੀਕੇ ਦੀ ਸਪਲਾਈ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਪ੍ਰਬੰਧਨ ਨੂੰ ਯਕੀਨੀ ਕੀਤਾ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।