ਕੇਂਦਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦਿੱਤੀ ''ਜ਼ੈੱਡ ਪਲੱਸ'' ਸੁਰੱਖਿਆ

Wednesday, Sep 07, 2022 - 06:07 PM (IST)

ਕੇਂਦਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦਿੱਤੀ ''ਜ਼ੈੱਡ ਪਲੱਸ'' ਸੁਰੱਖਿਆ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੇਂਦਰੀ ਨੀਮ ਫ਼ੌਜੀ ਫ਼ੋਰਸ ਦੀ 'ਜ਼ੈੱਡ ਪਲੱਸ' ਸ਼੍ਰੇਣੀ ਦੀ ਵੀ.ਆਈ.ਪੀ. ਸੁਰੱਖਿਆ ਪ੍ਰਦਾਨ ਕੀਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿੰਦ (76) ਨੂੰ ਅਖਿਲ ਭਾਰਤੀ ਆਧਾਰ 'ਤੇ ਹਥਿਆਰਬੰਦ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਵੀ.ਆਈ.ਪੀ. ਸੁਰੱਖਿਆ ਕਮਾਂਡੋ ਇਕਾਈ ਉਨ੍ਹਾਂ ਨੂੰ ਇਹ ਸੁਰੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਹਾਲ ਹੀ 'ਚ ਕੇਂਦਰੀ ਖੁਫੀਆ ਏਜੰਸੀਆਂ ਵਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ 'ਤੇ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਫ਼ੋਰਸ ਨੇ 5 ਸਤੰਬਰ ਨੂੰ ਜ਼ਿੰਮੇਵਾਰੀ ਸੰਭਾਲ ਲਈ। ਮੱਧ ਦਿੱਲੀ 'ਚ ਜਨਪਥ ਰੋਡ 'ਤੇ ਸਥਿਤ ਸਾਬਕਾ ਰਾਸ਼ਟਰਪਤੀ ਦੇ ਘਰ ਦੀ ਸੁਰੱਖਿਆ ਵੀ ਫ਼ੋਰਸ ਵਲੋਂ ਕੀਤੀ ਜਾਵੇਗੀ। ਭਾਰਤ ਦੇ 14ਵੇਂ ਰਾਸ਼ਟਰਪਤੀ ਕੋਵਿੰਦ ਦਾ ਕਾਰਜਕਾਲ ਜੁਲਾਈ 'ਚ ਖ਼ਤਮ ਹੋਇਆ ਸੀ।

ਜਾਣੋ ਕੀ ਹੁੰਦੀ ਹੈ ਜ਼ੈੱਡ ਪਲੱਸ ਸੁਰੱਖਿਆ

ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਸ਼ ਦੀ ਸਖ਼ਤ ਸੁਰੱਖਿਆ ਵਿਵਸਥਾ ਹੈ। ਇਹ ਵੀ.ਆਈ.ਪੀ.ਪੀ ਨੂੰ ਮਿਲਣ ਵਾਲੀ ਸੁਰੱਖਿਆ ਹੈ। ਜ਼ੈੱਡ ਪਲੱਸ ਤਿੰਨ ਪੱਧਰ ਦੀ ਸੁਰੱਖਿਆ ਹੁੰਦੀ ਹੈ। ਇਸ ਸ਼੍ਰੇਣੀ ਦੀ ਸੁਰੱਖਿਆ ਵਿਚ 36 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ। ਇਨ੍ਹਾਂ 'ਚ 10 ਐੱਨ.ਐੱਸ.ਜੀ. ਦੇ ਵਿਸ਼ੇਸ਼ ਕਮਾਂਡੋ ਹੁੰਦੇ ਹਨ ਜੋ ਪਹਿਲੇ ਘੇਰੇ ਤੋਂ ਇਲਾਵਾ ਪਹਿਲੇ ਪੱਧਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਇਨ੍ਹਾਂ ਵਿਚ ਐੱਨ.ਐੱਸ.ਜੀ. ਅਤੇ ਐੱਸ.ਪੀ.ਜੀ. ਦੇ ਕਮਾਂਡੋ ਸ਼ਾਮਲ ਰਹਿੰਦੇ ਹਨ। ਇਸ ਸੁਰੱਖਿਆ ਵਿੱਚ ਪਹਿਲੇ ਘੇਰੇ ਦੀ ਜ਼ਿੰਮੇਵਾਰੀ ਐੱਨ.ਐੱਸ.ਜੀ ਦੀ ਹੁੰਦੀ ਹੈ ਜਦਕਿ ਦੂਜੇ ਘੇਰੇ ਦੀ ਜ਼ਿੰਮੇਵਾਰੀ ਐੱਸ.ਪੀ.ਜੀ. ਕਮਾਂਡੋ ਦੀ ਹੁੰਦੀ ਹੈ। ਤੀਜੇ ਘੇਰੇ ਦੀ ਜ਼ਿੰਮੇਵਾਰੀ ਵਿਚ ਅਰਧ ਸੈਨਿਕ ਬਲਾਂ ਵਰਗੀਆਂ ਆਈ.ਟੀ.ਬੀ.ਪੀ., ਸੀ.ਆਰ.ਪੀਐੱਫ., ਸੀ.ਆਈ.ਐੱਸ.ਐੱਫ. ਆਦਿ ਦੇ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜ਼ੈੱਡ ਪਲੱਸ ਸੁਰੱਖਿਆ ਆਮ ਤੌਰ 'ਤੇ ਉਨ੍ਹਾਂ ਕੇਂਦਰੀ ਮੰਤਰੀਆਂ ਜਾਂ ਮਹਿਮਾਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਅੱਤਵਾਦੀਆਂ ਤੋਂ ਖ਼ਤਰਾ ਹੋਵੇ।


author

DIsha

Content Editor

Related News