ਕੇਂਦਰ ਨੇ ਬੰਗਾਲ ਦੇ ਰਿਟਾਇਰਡ ਮੁੱਖ ਸਕੱਤਰ ਨੂੰ ਕੀਤਾ ਤਲਬ, ਕਾਰਵਾਈ ਦੀ ਦਿੱਤੀ ਚਿਤਾਵਨੀ
Tuesday, Jun 01, 2021 - 03:44 AM (IST)
ਨਵੀਂ ਦਿੱਲੀ - ਕੇਂਦਰ ਨੇ ਸੋਮਵਾਰ ਨੂੰ ਰਿਟਾਇਰਡ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਮੰਗਲਵਾਰ ਨੂੰ ਸਵੇਰੇ 10 ਵਜੇ ਕਰਮਚਾਰੀ ਮੰਤਰਾਲਾ ਵਿੱਚ ਰਿਪੋਰਟ ਕਰਣ ਲਈ ਯਾਦ ਪੱਤਰ ਭੇਜਿਆ ਹੈ ਅਤੇ ਅਜਿਹਾ ਨਹੀਂ ਕਰਣ 'ਤੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਦ ਪੱਤਰ ਉਦੋਂ ਭੇਜਿਆ ਗਿਆ ਜਦੋਂ ਬੰਦੋਪਾਧਿਆਏ ਮੰਤਰਾਲਾ ਦੇ ਪਿਛਲੇ ਹੁਕਮ 'ਤੇ ਸੋਮਵਾਰ ਨੂੰ ਇੱਥੇ ਨਹੀਂ ਪੁੱਜੇ। ਇਸ ਮੁੱਦੇ 'ਤੇ ਰਾਜਨੀਤਕ ਟਕਰਾਅ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੰਦੋਪਾਧਿਆਏ ਰਿਟਾਇਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਤਿੰਨ ਸਾਲ ਲਈ ਉਨ੍ਹਾਂ ਦਾ ਸਲਾਹਾਕਾਰ ਨਿਯੁਕਤ ਕੀਤਾ ਗਿਆ ਹੈ।
ਦਿਨ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੁੱਖ ਸਕੱਤਰ ਨੂੰ ਬੁਲਾਉਣ ਦੇ ਕੇਂਦਰ ਦੇ ਹੁਕਮ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੋਟੀ ਦੇ ਨੌਕਰਸ਼ਾਹ ਨੂੰ ਰਿਟਾਇਰ ਨਹੀਂ ਕਰ ਰਹੀ ਹੈ।
ਮਮਤਾ ਨੇ ਕਿਹਾ ਕਿ ਕੇਂਦਰ ਨੇ ਉਨ੍ਹਾਂ ਨੂੰ ਮੰਗਲਵਾਰ ਨੂੰ ਨਾਰਥ ਬਲਾਕ ਆਉਣ ਲਈ ਕਿਹਾ ਹੈ ਪਰ ਕੋਈ ਅਧਿਕਾਰੀ ਰਾਜ ਪ੍ਰਸ਼ਾਸਨ ਦੀ ਆਗਿਆ ਦੇ ਬਿਨਾਂ ਕਿਸੇ ਨਵੇਂ ਦਫ਼ਤਰ ਵਿੱਚ ਨਹੀਂ ਜਾ ਸਕਦਾ।
ਦਿੱਲੀ ਵਿੱਚ ਸੂਤਰਾਂ ਨੇ ਦੱਸਿਆ ਕਿ ਜੇਕਰ ਬੰਦੋਪਾਧਿਆਏ ਮੰਗਲਵਾਰ ਨੂੰ ਦਿੱਲੀ ਰਿਪੋਰਟ ਨਹੀਂ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਜ਼ਰੂਰੀ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਇੱਕ ਸੂਤਰ ਨੇ ਕਿਹਾ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ ਅਤੇ ਇਹ ਸਫਾਈ ਮੰਗੀ ਜਾ ਸਕਦੀ ਹੈ ਕਿ ਉਹ ਦਿੱਲੀ ਵਿੱਚ ਕੇਂਦਰ ਦੀ ਸੇਵਾ ਵਿੱਚ ਕਿਉਂ ਸ਼ਾਮਲ ਨਹੀਂ ਹੋਏ?
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।