ਕੇਂਦਰ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ: ਹਰਿਆਣਾ ਸਰਕਾਰ
Saturday, Feb 26, 2022 - 04:46 PM (IST)
ਚੰਡੀਗੜ੍ਹ (ਭਾਸ਼ਾ)– ਹਰਿਆਣਾ ਸਰਕਾਰ ਨੇ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ’ਚ ਫਸੇ ਸੂਬੇ ਦੇ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹਰਿਆਣਾ ਸਰਕਾਰ ਦੇ ਵਿਦੇਸ਼ ਸਹਿਯੋਗ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਯੂਕਰੇਨ ’ਚ ਫਸੇ ਹਰਿਆਣਾ ਭਾਈਚਾਰੇ ਅਤੇ ਕੁਝ ਲੋਕਾਂ ਅਤੇ ਇੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ। ਸੂਬਾ ਸਰਕਾਰ ਵਲੋਂ ਸ਼ਨੀਵਾਰ ਨੂੰ ਜਾਰੀ ਬਿਆਨ ’ਚ ਕਿਹਾ ਗਿਆ, ‘‘ਬੈਠਕ ਦੌਰਾਨ ਅਧਿਕਾਰੀਆਂ ਨੇ ਸਾਰੇ ਮੁੱਦਿਆਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਯੂਕਰੇਨ ’ਚ ਫਸੇ ਹਰਿਆਣਾ ਵਾਸੀਆਂ ਨੂੰ ਸਹਿਯੋਗ ਦੇਣ ਲਈ ਲਗਾਤਾਰ ਵਿਦੇਸ਼ ਮੰਤਰਾਲਾ ਦੇ ਸੰਪਰਕ ’ਚ ਹੈ।’’
ਬਿਆਨ ’ਚ ਕਿਹਾ ਗਿਆ ਬੈਠਕ ਦੌਰਾਨ ਅਧਿਕਾਰੀਆਂ ਨੇ ਵਿਦੇਸ਼ ਮੰਤਰਾਲਾ ਵਲੋਂ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਲਈ ਜਾਰੀ ਸਲਾਹ, ਹੰਗਰੀ ਅਤੇ ਰੋਮਾਨੀਆ ਦੀਆਂ ਸਰਹੱਦਾਂ ’ਤੇ ਭਾਰਤੀ ਦਲ ਦੇ ਸੰਪਰਕ ਵੇਰਵਾ, ਹਰਿਆਣਾ ਸਰਕਾਰ ਦੇ ਹੈਲਪਲਾਈਨ ਬਿਓਰੇ ਸਮੇਤ ਸਾਰੀਆਂ ਸੂਚਨਾਵਾਂ ਦਿੱਤੀਆਂ। ਯੂਕਰੇਨ ’ਚ ਹਰਿਆਣਾ ਦੇ ਵਾਸੀਆਂ ਨੂੰ ਆਪਣੇ ਪਾਸਪੋਸਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਹਮੇਸ਼ਾ ਆਪਣੇ ਕੋਲ ਸੰਭਾਲ ਕੇ ਰੱਖਣ ਨੂੰ ਕਿਹਾ ਗਿਆ ਹੈ।