ਕੇਂਦਰ ਨੇ CRPF ਦੇ ਕਬਜ਼ੇ ਵਾਲੀ ਤਿੰਨ ਏਕੜ ਜ਼ਮੀਨ UP ਸਰਕਾਰ ਨੂੰ ਟਰਾਂਸਫ਼ਰ ਕਰਨ ਦੀ ਦਿੱਤੀ ਮਨਜ਼ੂਰੀ
Friday, Dec 10, 2021 - 11:26 AM (IST)
ਨਵੀਂ ਦਿੱਲੀ- ਕੇਂਦਰ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਕਬਜ਼ੇ ਵਾਲੀ ਤਿੰਨ ਏਕੜ ਜ਼ਮੀਨ ਨੂੰ ਅਯੁੱਧਿਆ ਹਵਾਈ ਅੱਡੇ ’ਤੇ ਇਕ ਨਵੇਂ ਟਰਮਿਨਲ ਦੇ ਨਿਰਮਾਣ ਅਤੇ ਸਰਕਾਰੀ ਮੈਡੀਕਲ ਕਾਲਜ ਤੱਕ ਪਹੁੰਚਣ ਲਈ ਸੜਕ ਵਿਛਾਉਣ ਲਈ ਉੱਤਰ ਪ੍ਰਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਉਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਮੰਦਰ ਸ਼ਹਿਰ ’ਚ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਾਜੈਕਟ ਨੂੰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਜ਼ਮੀਨ ਅਤੇ ਕੇਂਦਰੀ ਧਨ ਵੰਡ ਕਰਨ ਨਾਲ ਤੇਜ਼ੀ ਨਾਲ ਟਰੈਕ ਕੀਤਾ ਗਿਆ ਹੈ। ਹਵਾਈ ਅੱਡੇ ਦੇ ਨਿਰਮਾਣ ਲਈ ਸੂਬਾ ਸਰਕਾਰ ਨੇ ਜ਼ਮੀਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਗਭਗ ਇਕ ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲਾ ਅਨੁਸਾਰ ਅਯੁੱਧਿਆ ਹਵਾਈ ਅੱਡੇ ਦੇ ਚਰਨਬੱਧ ਵਿਕਾਸ ਲਈ 660 ਏਕੜ ਜ਼ਮੀਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਭਾਰਤ ਕਦੋਂ ਸਥਾਪਤ ਕਰੇਗਾ ਆਪਣਾ ਪੁਲਾੜ ਸਟੇਸ਼ਨ? ਸਰਕਾਰ ਨੇ ਦਿੱਤਾ ਇਹ ਜਵਾਬ
ਅਧਿਕਾਰੀਆਂ ਨੇ ਕਿਹਾ ਕਿ ਨਿਰਮਾਣ ਅਧੀਨ ਰਾਮ ਮੰਦਰ ਦੀ ਸੁਰੱਖਿਆ ’ਚ ਸੀ.ਆਰ.ਪੀ.ਐੱਫ. ਦੀ ਭੂਮਿਕਾ ਨੂੰ ਧਿਆਨ ਰੱਖਦੇ ਹੋਏ, ਕੇਂਦਰੀ ਗ੍ਰਹਿ ਮੰਤਰਾਲਾ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਸੂਬੇ ਦੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦੇਵੇ ਕਿ ਉਹ ਜ਼ਮੀਨ ਦੇ ਬਰਾਬਰ ਖੇਤਰ ਸੀ.ਆਰ.ਪੀ.ਐੱਫ. ਨੂੰ ਟਰਾਂਸਫਰ ਕਰੇ। 1990 ’ਚ ਵਿਵਾਦਿਤ ਸਥਾਨ ’ਤੇ ਵੱਖ-ਵੱਖ ਦਾਅਵਿਆਂ ਦੇ ਹੱਲ ਨਾਲ ਨਜਿੱਠਣ ਲਈ ਕੇਂਦਰ ਨੇ ਗ੍ਰਹਿ ਮੰਤਰਾਲਾ ਦੇ ਅਧੀਨ ਇਕ ਅਯੁੱਧਿਆ ਡਿਵੀਜ਼ਨ ਦੀ ਸਥਾਪਨਾ ਕੀਤੀ। 1992 ’ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਸੈੱਲ ਮੰਤਰਾਲਾ ਦੇ ਅੰਦਰੂਨੀ ਸੁਰੱਖਿਆ ਡਿਵੀਜ਼ਨ ਦੇ ਅਧੀਨ ਕੰਮ ਕਰਦਾ ਰਿਹਾ, ਜੋ ਨਿਯਮਿਤ ਰੂਪ ਨਾਲ ਕੇਂਦਰੀ ਅਤੇ ਸੂਬਾ ਏਜੰਸੀਆਂ ਨਾਲ ਤਾਲਮੇਲ ਕਰਦਾ ਹੈ। 5 ਜੁਲਾਈ 2005 ਨੂੰ, ਸੀ.ਆਰ.ਪੀ.ਐੱਫ. ਨੇ ਇਕ ਹਮਲੇ ਨੂੰ ਅਸਫ਼ਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਜੋ ਪਾਕਿਸਤਾਨ ਸਥਿਤ ਇਕ ਅੱਤਵਾਦੀ ਸਮੂਹ ਦੇ 5 ਅੱਤਵਾਦੀਆਂ ਨੇ ਅਯੁੱਧਿਆ ’ਚ ਅਸਥਆਈ ਮੰਦਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਘੰਟੇ ਤੱਕ ਚੱਲੇ ਮੁਕਾਬਲੇ ’ਚ 5 ਅੱਤਵਾਦੀ ਢੇਰ ਕਰ ਦਿੱਤੇ ਗਏ। ਸੀ.ਆਰ.ਪੀ.ਐੱਫ. ਮੌਜੂਦਾ ਸਮੇਂ ਰਾਮ ਮੰਦਰ ਦੇ ਅੰਦਰੂਨੀ ਕੰਪਲੈਕਸ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ ਪਰ ਮੰਦਰ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਇਸ ਨੂੰ ਇਕ ਵੱਡਾ ਜਨਾਦੇਸ਼ ਦਿੱਤਾ ਜਾ ਸਕਦਾ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਵਰਗੀਆਂ ਕੇਂਦਰੀ ਫ਼ੋਰਸਾਂ ਨੂੰ ਭੀੜ ਕੰਟਰੋਲ ਕਰਨ ਅਤੇ ਪ੍ਰਬੰਧਨ ਦਾ ਕੰਮ ਸੌਂਪਿਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ