ਇਕ ਵਾਰ ਫਿਰ ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ
Tuesday, Oct 15, 2024 - 04:19 PM (IST)
ਨਵੀਂ ਦਿੱਲੀ- ਦੇਸ਼ ਵਿਚ ਇਕ ਵਾਰ ਫਿਰ ਤੋਂ ਚੋਣ ਬਿਗੁਲ ਵਜ ਗਿਆ ਹੈ। ਚੋਣ ਕਮਿਸ਼ਨ ਵਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਮਹਾਰਾਸ਼ਟਰ ਅਤੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ 'ਚ 20 ਨਵੰਬਰ ਨੂੰ ਇਕੋ ਪੜਾਅ ਵਿਚ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉੱਥੇ ਹੀ ਝਾਰਖੰਡ 'ਚ ਦੋ ਪੜਾਵਾਂ- 13 ਨਵੰਬਰ ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਇੱਥੇ ਵੀ 23 ਨਵੰਬਰ ਨੂੰ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਇਸ ਦੇ ਨਾਲ ਹੀ ਮਹਾਰਾਸ਼ਟਰ ਅਤੇ ਝਾਰਖੰਡ ਦੀ ਚੋਣਾਵੀ ਤਾਰੀਖ਼ਾਂ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਿਹਾ ਸਸਪੈਂਸ ਖ਼ਤਮ ਹੋ ਗਿਆ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ, ਜਦਕਿ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 5 ਜਨਵਰੀ ਨੂੰ ਖ਼ਤਮ ਹੋਣ ਵਾਲਾ ਹੈ। ਮਹਾਰਾਸ਼ਟਰ ਵਿਚ 22 ਅਕਤੂਬਰ ਨੂੰ ਨੋਟੀਫ਼ਿਕੇਸ਼ਨ ਜਾਰੀ ਹੋਵੇਗੀ ਅਤੇ ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ 29 ਅਕਤੂਬਰ ਹੋਵੇਗੀ। ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ 4 ਨਵੰਬਰ 2024 ਤੱਕ ਵਾਪਸ ਲਏ ਜਾ ਸਕਦੇ ਹਨ।
ਮਹਾਰਾਸ਼ਟਰ 'ਚ 288 ਵਿਧਾਨ ਸਭਾ ਸੀਟਾਂ ਅਤੇ ਝਾਰਖੰਡ 'ਚ 81 ਵਿਧਾਨ ਸਭਾ ਸੀਟਾਂ ਹਨ-
ਦੱਸ ਦੇਈਏ ਕਿ ਮਹਾਰਾਸ਼ਟਰ 'ਚ 288 ਵਿਧਾਨ ਸਭਾ ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਕਿਸੇ ਵੀ ਗਠਜੋੜ ਨੂੰ 145 ਸੀਟਾਂ ਚਾਹੀਦੀਆਂ ਹਨ। ਉੱਥੇ ਹੀ ਝਾਰਖੰਡ ਵਿਚ ਵਿਧਾਨ ਸਭਾ ਦੀਆਂ 81 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਕਿਸੇ ਵੀ ਧਿਰ ਨੂੰ 42 ਸੀਟਾਂ ਦੀ ਲੋੜ ਹੋਵੇਗੀ। ਦੱਸ ਦੇਈਏ ਕਿ ਚੋਣ ਕਮਿਸ਼ਨ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਹੀ ਦੋਹਾਂ ਸੂਬਿਆਂ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਯੂ. ਪੀ. ਵਿਚ 10 ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਾਰੀਖ਼ਾਂ ਦਾ ਵੀ ਐਲਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਚੋਣ ਕਮਿਸ਼ਨ ਵਲੋਂ ਜੰਮੂ-ਕਸ਼ਮੀਰ ਅਤੇ ਹਰਿਆਣਾ 'ਚ ਚੋਣਾਂ ਕਰਵਾਈਆਂ ਗਈਆਂ।
ਜ਼ਿਮਨੀ ਚੋਣਾਂ ਦਾ ਵੀ ਐਲਾਨ
48 ਵਿਧਾਨ ਸਭਾ ਅਤੇ 2 ਲੋਕ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਹੈ। 13 ਨਵੰਬਰ ਨੂੰ 48 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣਗੀਆਂ। ਉੱਥੇ ਹੀ ਕੇਦਾਰਨਾਥ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੋਟਿੰਗ 20 ਨਵੰਬਰ ਨੂੰ ਹੀ ਹੋਵੇਗੀ। ਇਸ ਤੋਂ ਇਲਾਵਾ 2 ਲੋਕ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣਗੀਆਂ। ਇਨ੍ਹਾਂ ਦੋ ਲੋਕ ਸਭਾ ਸੀਟਾਂ ਵਿਚ ਕੇਰਲ ਦੀ ਵਾਇਨਾਡ ਅਤੇ ਮਹਾਰਾਸ਼ਟਰ ਦੇ ਨਾਂਦੇੜ ਸੀਟ ਹੈ, ਜਿੱਥੇ ਜ਼ਿਮਨੀ ਚੋਣਾਂ ਹੋਣਗੀਆਂ।
ਮਹਾਰਾਸ਼ਟਰ 'ਚ 26 ਨਵੰਬਰ ਨੂੰ ਖ਼ਤਮ ਹੋ ਰਿਹਾ ਵਿਧਾਨ ਸਭਾ ਦਾ ਕਾਰਜਕਾਲ
ਮਹਾਰਾਸ਼ਟਰ ਵਿਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਸਿਆਸੀ ਪਾਰਟੀਆਂ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਵਿਚ ਜੁਟੀਆਂ ਹੋਈਆਂ ਹਨ। ਮਹਾਰਾਸ਼ਟਰ 'ਚ ਮੁੱਖ ਮੁਕਾਬਲਾ ਮਹਾ ਵਿਕਾਸ ਅਘਾੜੀ ਅਤੇ ਮਹਾਯੁਤੀ ਵਿਚਾਲੇ ਹੈ। ਮਹਾ ਵਿਕਾਸ ਅਗਾੜੀ 'ਚ ਕਾਂਗਰਸ, ਐਨ. ਸੀ. ਪੀ. ਸ਼ਰਦ ਪਵਾਰ ਧੜਾ, ਸ਼ਿਵ ਸੈਨਾ ਯੂ.ਬੀ.ਟੀ. ਭਾਜਪਾ ਤੋਂ ਇਲਾਵਾ ਸ਼ਿਵ ਸੈਨਾ ਦਾ ਸ਼ਿੰਦੇ ਧੜਾ ਵੀ ਮਹਾਗਠਜੋੜ ਵਿਚ ਭਾਈਵਾਲ ਹੈ। ਅਜੀਤ ਪਵਾਰ ਦਾ ਐਨ. ਸੀ. ਪੀ ਗਰੁੱਪ ਵੀ ਮਹਾਯੁਤੀ ਦਾ ਹਿੱਸਾ ਹੈ। ਮਹਾਰਾਸ਼ਟਰ 'ਚ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ।
ਝਾਰਖੰਡ ਦਾ ਕਾਰਜਕਾਲ 5 ਜਨਵਰੀ ਨੂੰ ਹੋ ਰਿਹਾ ਖ਼ਤਮ
ਝਾਰਖੰਡ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 5 ਜਨਵਰੀ ਨੂੰ ਖਤਮ ਹੋ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਨੇ ਹਾਲ ਹੀ ਵਿਚ ਆਪਣੀ ਟੀਮ ਨਾਲ ਸੂਬੇ ਦਾ ਦੌਰਾ ਕੀਤਾ ਸੀ। ਝਾਰਖੰਡ ਵਿਚ ਤਾਰੀਖਾਂ ਦਾ ਐਲਾਨ ਦੀਵਾਲੀ ਅਤੇ ਛਠ ਤਿਉਹਾਰਾਂ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ। ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਸੀ। ਸੂਬੇ 'ਚ ਸਾਲ 2019 ਵਿਚ 5 ਪੜਾਵਾਂ ਵਿਚ ਵੋਟਿੰਗ ਹੋਈ ਸੀ। ਝਾਰਖੰਡ ਵਿਚ 81 ਵਿਧਾਨ ਸਭਾ ਸੀਟਾਂ ਹਨ।