CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! 9ਵੀਂ ਜਮਾਤ ਤੋਂ 3 ਭਾਸ਼ਾਵਾਂ ਪੜ੍ਹਨਾ ਹੋਇਆ ਲਾਜ਼ਮੀ
Saturday, May 16, 2026 - 05:47 PM (IST)
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦੇਸ਼ ਭਰ ਦੇ ਸਕੂਲਾਂ ਲਈ ਇਕ ਅਹਿਮ ਸਰਕੂਲਰ ਜਾਰੀ ਕਰਦਿਆਂ 9ਵੀਂ ਜਮਾਤ ਤੋਂ ਤਿੰਨ ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਕਰ ਦਿੱਤਾ ਹੈ। ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਨਵਾਂ ਨਿਯਮ 1 ਜੁਲਾਈ 2026 ਤੋਂ ਲਾਗੂ ਹੋਵੇਗਾ।
2 ਭਾਸ਼ਾਵਾਂ ਹੋਣਗੀਆਂ ਜ਼ਰੂਰੀ
ਰਾਸ਼ਟਰੀ ਸਿੱਖਿਆ ਨੀਤੀ (NEP) 2020 ਅਤੇ ਨੈਸ਼ਨਲ ਕਰੀਕੁਲਮ ਫਰੇਮਵਰਕ (NCF-SE) 2023 ਦੇ ਅਨੁਸਾਰ, ਵਿਦਿਆਰਥੀਆਂ ਨੂੰ ਜਿਹੜੀਆਂ ਤਿੰਨ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ, ਉਨ੍ਹਾਂ 'ਚੋਂ ਦੋ ਭਾਸ਼ਾਵਾਂ ਭਾਰਤੀ ਹੋਣੀਆਂ ਲਾਜ਼ਮੀ ਹਨ। ਜੇਕਰ ਕੋਈ ਵਿਦਿਆਰਥੀ ਵਿਦੇਸ਼ੀ ਭਾਸ਼ਾ ਪੜ੍ਹਨਾ ਚਾਹੁੰਦਾ ਹੈ, ਤਾਂ ਉਹ ਇਸ ਨੂੰ ਸਿਰਫ ਤੀਜੀ ਭਾਸ਼ਾ ਵਜੋਂ ਹੀ ਚੁਣ ਸਕਦਾ ਹੈ, ਬਸ਼ਰਤੇ ਪਹਿਲੀਆਂ ਦੋ ਭਾਸ਼ਾਵਾਂ ਭਾਰਤੀ ਹੋਣ।
ਬੋਰਡ ਪ੍ਰੀਖਿਆ ਦਾ ਨਹੀਂ ਹੋਵੇਗਾ ਵਾਧੂ ਬੋਝ
ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ CBSE ਨੇ ਸਪੱਸ਼ਟ ਕੀਤਾ ਹੈ ਕਿ 10ਵੀਂ ਜਮਾਤ 'ਚ ਤੀਜੀ ਭਾਸ਼ਾ (R3) ਲਈ ਕੋਈ ਬੋਰਡ ਪ੍ਰੀਖਿਆ ਨਹੀਂ ਲਈ ਜਾਵੇਗੀ। ਇਸ ਦਾ ਮਕਸਦ ਵਿਦਿਆਰਥੀਆਂ 'ਤੇ ਪੜ੍ਹਾਈ ਦਾ ਬੋਝ ਘਟਾਉਣਾ ਅਤੇ ਸਿੱਖਣ 'ਤੇ ਧਿਆਨ ਕੇਂਦਰਿਤ ਕਰਨਾ ਹੈ। ਤੀਜੀ ਭਾਸ਼ਾ ਦਾ ਮੁਲਾਂਕਣ ਪੂਰੀ ਤਰ੍ਹਾਂ ਸਕੂਲ ਪੱਧਰ 'ਤੇ ਕੀਤਾ ਜਾਵੇਗਾ। ਹਾਲਾਂਕਿ ਤੀਜੀ ਭਾਸ਼ਾ ਦੇ ਇੰਟਰਨਲ ਨੰਬਰ ਜਾਂ ਗ੍ਰੇਡ ਸੀਬੀਐੱਸਈ 10ਵੀਂ ਦੀ ਫਾਈਨਲ ਮਾਰਕਸ਼ੀਟ 'ਚ ਸ਼ਾਮਲ ਕੀਤੇ ਜਾਣਗੇ।
ਬੋਰਡ ਪ੍ਰੀਖਿਆ ਨਹੀਂ
ਬੋਰਡ ਨੇ ਕਿਹਾ,''ਪੜ੍ਹਾਈ 'ਤੇ ਧਿਆਨ ਬਣਾਏ ਰੱਖਣ ਅਤੇ ਵਿਦਿਆਰਥੀਆਂ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਘੱਟ ਕਰਨ ਲਈ, ਜਮਾਤ 10ਵੀਂ ਦੇ ਲੇਵਲ 'ਤੇ R3 ਲਈ ਕੋਈ ਬੋਰਡ ਪ੍ਰੀਖਿਆ ਨਹੀਂ ਲਈ ਜਾਵੇਗੀ।'' ਇਸ ਦਾ ਮਤਲਬ ਹੈ ਕਿ ਭਾਵੇਂ ਹੀ ਵਿਦਿਆਰਥੀਆਂ ਨੇ ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ ਨਹੀਂ ਦੇਣੀ, ਫਿਰ ਵੀ ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਸਕੋਰਬੋਰਡ 'ਤੇ ਦਿੱਸੇਗਾ। ਬੋਰਡ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਤੀਜੀ ਭਾਸ਼ਾ ਦੇ ਆਧਾਰ 'ਤੇ ਬੋਰਡ ਪ੍ਰੀਖਿਆ 'ਚ ਬੈਠਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ।
ਅਧਿਆਪਕਾਂ ਅਤੇ ਕਿਤਾਬਾਂ ਲਈ ਅੰਤਰਿਮ ਪ੍ਰਬੰਧ
ਬੋਰਡ ਨੇ ਕਿਹਾ ਹੈ ਕਿ ਜਦੋਂ ਤੱਕ ਸੈਕੰਡਰੀ ਪੱਧਰ ਦੀਆਂ ਨਵੀਆਂ ਕਿਤਾਬਾਂ ਤਿਆਰ ਨਹੀਂ ਹੁੰਦੀਆਂ, ਉਦੋਂ ਤੱਕ 9ਵੀਂ ਜਮਾਤ ਦੇ ਵਿਦਿਆਰਥੀ 6ਵੀਂ ਜਮਾਤ ਦੀਆਂ ਪਾਠ-ਪੁਸਤਕਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਜਿਹੜੇ ਸਕੂਲਾਂ ਕੋਲ ਭਾਸ਼ਾ ਦੇ ਅਧਿਆਪਕਾਂ ਦੀ ਕਮੀ ਹੈ, ਉਹ ਸੇਵਾਮੁਕਤ ਅਧਿਆਪਕਾਂ ਦੀਆਂ ਸੇਵਾਵਾਂ ਲੈ ਸਕਦੇ ਹਨ, ਵਰਚੁਅਲ ਟੀਚਿੰਗ ਦਾ ਸਹਾਰਾ ਲੈ ਸਕਦੇ ਹਨ ਜਾਂ ਦੂਜੇ ਸਕੂਲਾਂ ਨਾਲ ਅਧਿਆਪਕ ਸਾਂਝੇ ਕਰ ਸਕਦੇ ਹਨ।
ਖਾਸ ਵਰਗਾਂ ਲਈ ਛੋਟ
ਸੀਬੀਐੱਸਈ ਵਲੋਂ ਜਾਰੀ ਕੀਤੀ ਗਈ 19 ਭਾਸ਼ਾਵਾਂ ਦੀ ਲਿਸਟ 'ਚੋਂ ਸਕੂਲਾਂ ਨੂੰ ਤੀਜੀ ਭਾਸ਼ਾ ਚੁਣਨ ਦੀ ਛੋਟ ਦਿੱਤੀ ਹੈ, ਇਸ ਸ਼ਰਤ ਦੇ ਨਾਲ ਹੀ ਪੜ੍ਹੀਆਂ ਜਾਣ ਵਾਲੀਆਂ ਤਿੰਨ ਭਾਸ਼ਾਵਾਂ 'ਚੋਂ ਘੱਟੋ-ਘੱਟ 2 ਭਾਰਤੀ ਭਾਸ਼ਾਵਾਂ ਹੋਣ। ਸਕੂਲਾਂ ਨੂੰ ਕਿਹਾ ਕਿ ਉਹ 30 ਜੂਨ ਤੱਕ OASIS ਪੋਰਟਲ 'ਤੇ ਆਪਣੀ ਭਾਸ਼ਾਵਾਂ ਦੇ ਆਪਸ਼ਨ ਅਪਡੇਟ ਕਰਨ। ਬੋਰਡ ਨੇ ਖਾਸ ਜ਼ਰੂਰਤਾਂ ਵਾਲੇ ਬੱਚਿਆਂ (CwSN), ਵਿਦੇਸ਼ੀ ਵਿਦਿਆਰਥੀਆਂ ਅਤੇ ਵਿਦੇਸ਼ 'ਚ ਮੌਜੂਦ ਸੀਬੀਐੱਸਈ ਸਕੂਲਾਂ ਲਈ ਵੀ ਕੁਝ ਛੋਟ ਦਿੱਤੀ ਹੈ, ਜਿਸ ਨਾਲ ਤੀਜੀ ਭਾਸ਼ਾ ਦੀ ਜ਼ਰੂਰਤ ਨੂੰ ਲਾਗੂ ਕਰਨ 'ਚ ਹਰ ਮਾਮਲੇ ਦੇ ਹਿਸਾਬ ਨਾਲ ਛੋਟ ਦਿੱਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


